Wednesday, 02 February 2011 07:34



ਮੈਂ ਜੀਭ 'ਤੇ ਅੱਗ ਬਾਲਣ ਵਾਲੇ ਪਾਤਰਾਂ ਦੀ ਗੈਲਰੀ ਸਿਰਜਦਾ ਹਾਂ
ਮੈਂ ਵੱਖਰੀ ਜ਼ਿੰਦਗੀ ਦਾ ਆਸ਼ਕ ਹਾਂ। ਜ਼ਿੰਦਗੀ ਨੂੰ ਵੇਖਣ ਦਾ ਮੇਰਾ ਆਪਣਾ ਇਕ ਤਰੀਕਾ ਹੈ। ਇਹ ਤਰੀਕਾ ਮੇਰੀਆਂ ਕਹਾਣੀਆਂ ਔਰ ਪਾਤਰਾਂ ਉੱਪਰ ਵੀ ਲਾਗੂ ਹੁੰਦਾ ਹੈ। ਜਿਸ ਨੂੰ ਰਵਾਇਤੀ ਪਾਤਰਾਂ ਦੀ ਤਲਾਸ਼ ਹੁੰਦੀ ਹੈ। ਮੇਰੀ ਕਹਾਣੀ ਉਸ ਦੀ ਤਲਾਸ਼ ਪੂਰੀ ਨਹੀਂ ਕਰਦੀ। ਮੈਂ ਬਚਪਨ ਤੋਂ ਹੀ ਉਨ੍ਹਾਂ ਲੋਕਾਂ ਵਿਚ ਰਿਹਾ ਹਾਂ। ਜਿਨ੍ਹਾਂ ਲਈ ਜ਼ਿੰਦਗੀ ਜ਼ਹਿਰ ਬਣ ਜਾਂਦੀ ਹੈ। ਉਹ ਇਸ ਜ਼ਹਿਰ ਨੂੰ ਊਰਜਾ ਵਿਚ ਬਦਲਨ ਲਈ ਯੁੱਧ-ਰਤ ਰਹਿੰਦੇ ਨੇ। ਮੈਂ ਅੱਗ ਫੱਕਣ ਵਾਲੇ ਲੋਕਾਂ ਨੂੰ ਹੱਡੀਂ ਹੰਢਾਇਆ ਹੈ। ਉਨ੍ਹਾਂ ਨੂੰ ਇਕ-ਇਕ ਇੰਚ ਮੱਚਦੇ ਹੋਏ ਮਹਿਸੂਸ ਕੀਤਾ। ਇਹ ਲੋਕ ਔਰ ਇਨ੍ਹਾਂ ਦੀ ਜ਼ਿੰਦਗੀ ਮੇਰੇ ਧੁਰ ਅੰਦਰ ਉੱਤਰੀ ਹੋਈ ਹੈ। ਮੈਂ ਕੁਝ ਵੀ ਕਰ ਰਿਹਾ ਹੋਵਾਂ। ਇਨ੍ਹਾਂ ਲੋਕਾਂ ਦੀ ਇਕ ਲੰਬੀ ਕਤਾਰ ਮੇਰੇ ਨਾਲ-ਨਾਲ ਤੁਰਦੀ ਹੈ। ਮੈਂ ਕਿਤੇ ਪੜ੍ਹਿਆ ਸੀ ਕਿ ਮਹੱਤਵਪੂਰਨ ਇਹ ਨਹੀਂ ਹੁੰਦਾ ਕਿ ਪਾਤਰ ਕੀ ਹੈ ! ਮਹੱਤਵਪੂਰਨ ਇਹ ਹੁੰਦਾ ਕਿ ਪਾਤਰ ਕਰਦਾ ਕੀ ਹੈ ! ਇਸ ਦ੍ਰਿਸ਼ਟੀ ਤੋਂ ਜਦੋਂ ਮੈਂ ਪਾਤਰ ਉਸਾਰੀ ਦੀ ਪ੍ਰਕਿਰਿਆ ਵਿਚੋਂ ਦੀ ਗੁਜ਼ਰਦਾ ਹਾਂ। ਮੈਨੂੰ ਲੇਖਕ ਔਰ ਪਾਤਰ ਦੇ ਰਿਸ਼ਤੇ ਸਬੰਧੀ ਇਕ ਘਟਨਾ ਯਾਦ ਆ ਜਾਂਦੀ ਹੈ। ਉਹ ਘਟਨਾ ਇਹ ਹੈ ਕਿ ਇਕ ਵਾਰ ਟਾਲਸਟਾਏ ਕਿਸੇ ਥਾਂ ਪੌੜੀਆਂ ਚੜ੍ਹ ਰਿਹਾ ਸੀ। ਇਕ ਔਰਤ ਪੌੜ੍ਹੀਆਂ ਤੋਂ ਹੇਠਾਂ ਆ ਰਹੀ ਸੀ। ਉਸ ਔਰਤ ਨੂੰ ਰਸਤਾ ਛੱਡਣ ਲਈ ਟਾਲਸਟਾਏ ਸੁੰਗੜ ਕੇ ਪੌੜੀ ਦੇ ਇਕ ਪਾਸੇ ਖੜ੍ਹਾ ਹੋ ਗਿਆ। ਉਸ ਔਰਤ ਨੇ ਕਿਹਾ, ''ਸ਼੍ਰੀ ਮਾਨ ਜੀ !.... ਐਨਾ ਸੁੰਗੜਨ ਵਾਲੀ ਕਿਹੜੀ ਗੱਲ ਹੈ !.... ਆਪਣੇ ਦੋਵਾਂ ਦੇ ਲੰਘਣ ਲਈ ਬਥੇਰੀ ਥਾਂ ਹੈ .....!''
''ਪਰ ਮੇਰੇ ਨਾਲ 'ਐਨਾਂ' ਵੀ ਤਾਂ ਹੈ....!!'' ਉਹਦੀ ਗੱਲ ਸੁਣ ਟਾਲਸਟਾਏ ਨੇ ਜਵਾਬ ਦਿੱਤਾ।
ਇਸ ਜਵਾਬ ਦੀ ਤਹਿ ਵਿਚ ਬੜੀ ਡੂੰਘੀ ਰਮਜ਼ ਹੈ। ਇਹ ਰਮਜ਼ ਲੇਖਕ ਔਰ ਪਾਤਰ ਦੇ ਰਿਸ਼ਤੇ ਦੀਆਂ ਅਸੀਮ ਸੰਭਾਵਨਾਵਾਂ ਪ੍ਰਗਟ ਕਰਦੀ ਹੈ। ਜਿਸ ਨੇ ਇਹ ਰਮਜ਼ ਪਛਾਣ ਲਈ। ਉਹ ਖੁਦ ਪਾਤਰ ਬਣ ਕੇ ਵੀ ਪਾਤਰਾਂ ਨੂੰ ਸਾਕਸ਼ੀ-ਭਾਵ ਨਾਲ ਵੇਖਣ ਵਾਲੀ ਅਵਸਥਾ ਵਿਚ ਜਾ ਪਹੁੰਚਦਾ ਹੈ। ਇਸ ਨੁਕਤਾ-ਨਿਗਾਹ ਤੋਂ ਜਦੋਂ ਮੈੇਂ ਆਪਣੇ ਪਾਤਰਾਂ ਦੀ ਦੁਨੀਆਂ ਵੱਲ ਨਜ਼ਰ ਮਾਰਦਾ ਹਾਂ। ਮੈਨੂੰ ਸਭ ਤੋਂ ਪਹਿਲਾਂ ਬੱਗਾ ਮਾਮਾ ਨਜ਼ਰ ਆਉਂਦਾ ਹੈ।
ਬੱਗਾ ਮੇਰੀਆਂ ਕਹਾਣੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਤਰ ਹੈ। ਉਸ ਦੀਆਂ ਅਨੇਕ ਪਰਤਾਂ ਹਨ। ਮੈਂ ਜਦੋਂ ਵੀ ਕੋਈ ਕਹਾਣੀ ਲਿਖਦਾ ਹਾਂ। ਉਹ ਕਿਸੇ ਨਾ ਕਿਸੇ ਰੂਪ ਵਿਚ ਕਹਾਣੀ ਦੇ ਮੁੱਖ ਪਾਤਰ ਵਿਚ ਆ ਵੜਦਾ ਹੈ। ਉਹ ਬੜਾ ਮੂੰਹਜ਼ੋਰ ਹੈ। ਉਸ ਤੋਂ ਬਚਣ ਦੀ ਕੋਸ਼ਿਸ਼ ਵਿਚ ਹੀ ਉਸ ਬਾਰੇ ਕਿੰਨਾ ਕੁੱਝ ਲਿਖਿਆ ਜਾਂਦਾ। ਸਭ ਤੋਂ ਪਹਿਲਾਂ ਬਲਜਿੰਦਰ ਨਸਰਾਲੀ ਨੇ ਉਸ ਬਾਰੇ 'ਹਾਰੇ ਦੀ ਅੱਗ' ਨਾਵਲ ਲਿਖਿਆ ਸੀ। ਜਿਸ ਵਕਤ ਮੈਂ ਉਹ ਨਾਵਲ ਪੜ੍ਹਿਆ। ਮੈਨੂੰ ਲੱਗਿਆ ਕਿ ਮੈਂ ਵੀ ਲਿਖ ਸਕਦਾ ਹਾਂ। ਮੇਰੀ ਕਥਾ-ਸ਼ੁਰੂਆਤ 1998 ਦੀ ਹੈ। ਉਸ ਸਾਲ ਮੈਂ ਇਕ ਕਹਾਣੀ ਲਿਖੀ 'ਬੱਗਾ ਬਦਮਾਸ਼'। ਫਿਰ 2005 ਵਿਚ ਇਕ ਕਹਾਣੀ ਲਿਖੀ 'ਚੂੜੇ ਵਾਲੀ ਬਾਂਹ'। ਇਨ੍ਹਾਂ ਦੋਵਾਂ ਕਹਾਣੀਆਂ ਦਾ ਮੁੱਖ ਪਾਤਰ ਬੱਗਾ ਹੈ। ਉਹ ਮੇਰਾ ਤਿੰਨਾਂ ਵਿਚੋਂ ਸਭ ਤੋਂ ਛੋਟਾ ਮਾਮਾ ਸੀ। ਵੱਡਾ ਮਾਮਾ ਕੇਸਰ ਤੇ ਵਿਚਕਾਰਲਾ ਨੇਤਰ। ਕੇਸਰ ਤੇ ਬੱਗਾ ਤਾਂ ਮਰ ਗਏ। ਪਰ ਨੇਤਰ ਮਾਮਾ ਜਿਊਂਦਾ ਹੈ। ਉਹ ਕਿਸੇ ਕਹਾਣੀ ਵਿਚ ਸਿੱਧਾ ਪਾਤਰ ਬਣਕੇ ਤਾਂ ਨਹੀਂ ਆਇਆ। ਪਰ 'ਪਾਤਰ ਅੰਦਰ ਪਾਤਰ' ਬਣਕੇ ਆਇਆ ਹੈ। ਉਹਦੀ ਕਲਪਨਾ-ਸ਼ਕਤੀ ਕਮਾਲ ਦੀ ਹੈ। ਉਹ ਕਹਾਣੀ ਜੋੜਨ ਵਿਚ ਮਾਹਿਰ ਹੈ। ਜਦੋਂ ਉਹ ਅਮਰਗੜ੍ਹ ਆਉਂਦਾ ਜਾਂ ਮੈਂ ਨਸਰਾਲੀ ਜਾਂਦਾ ਹਾਂ। ਉਹ ਥੋੜਾ ਜਿਹਾ ਚਿਰ ਰਸਮੀ ਹਾਲ-ਚਾਲ ਪੁੱਛਦਾ ਹੈ। ਫਿਰ ਭੂਤਾਂ-ਪ੍ਰੇਤਾਂ, ਸਾਧਾਂ-ਸੰਤਾਂ, ਗੈਬੀ-ਸ਼ਕਤੀਆਂ ਤੇ ਆਪਣੀ ਕਲਪਨਾ ਨਾਲ ਜੋੜੀਆਂ ਰਹੱਸਮਈ ਗੱਲਾਂ ਛੋਹ ਲੈਂਦਾ ਹੈ। ਮੈਂ ਬੜੇ ਧਿਆਨ ਨਾਲ ਉਸ ਦੀਆਂ ਗੱਲਾਂ ਸੁਣਦਾ ਹਾਂ। ਜਿਸ ਦਿਨ ਅਸੀਂ ਬੁੱਗੇ ਵਾਲੇ ਰਣ ਸਿਉਂ ਦੀ ਕਾਰ ਵਿਚ ਕੀਰਤਪੁਰ ਬੱਗੇ ਮਾਮੇ ਦੇ ਫੁੱਲ ਪਾਉਣ ਗਏ। ਆਉਂਦੇ-ਜਾਂਦੇ ਸਾਰੇ ਰਾਹ ਨੇਤਰ ਮਾਮਾ ਭੂਤਾਂ-ਪ੍ਰੇਤਾਂ ਤੇ ਸੱਪਾਂ ਦੀਆਂ ਗੱਲਾਂ ਸੁਣਾਉਂਦਾ ਰਿਹਾ। ਉਹਨੇ ਰਾਮ ਆਸਰੇ ਦੀਆਂ ਸੱਪਾ ਨਾਲ ਕੀਤੀਆਂ ਕਿੰਨੀਆਂ ਹੀ ਵਾਰਦਾਤਾਂ ਸੁਣਾਈਆਂ। ਬਾਅਦ ਵਿਚ ਭਾਵੇਂ ਉਹ ਵਿਆਹਿਆ ਗਿਆ। ਪਰ ਪਹਿਲਾਂ ਵੱਡੀ ਉਮਰ ਤੱਕ ਉਹ ਵੀ ਛੜਾ ਹੀ ਰਿਹਾ। ਉਨ੍ਹਾਂ ਦਿਨਾਂ ਵਿਚ ਉਹਦੀ ਕਲਪਨਾ-ਸ਼ਕਤੀ ਦਾ ਜਲਵਾ ਵੇਖਣ ਵਾਲਾ ਹੁੰਦਾ ਸੀ। ਉਹ ਅਜੀਬ ਕਿਸਮ ਦੀਆਂ ਗੱਲਾਂ ਸੁਣਾਉਂਦਾ । ਇਕ ਗੱਲ ਉਹ ਅਕਸਰ ਸੁਣਾਉਂਦਾ। ਕਹਿੰਦਾ ਇਕ ਵਾਰੀ ਰਾਤ ਨੂੰ ਉਹ ਲੂਣਿਆਂ ਤੋਂ ਆ ਰਿਹਾ ਸੀ। ਸਾਇਕਲ 'ਤੇ। ਰਾਹ ਵਿਚ ਇਕ ਚੂੜਾ ਪਾਈਂ ਲਾਲ ਸੂਟ ਵਾਲੀ ਕੁੜੀ ਨੇ ਉਸ ਨੂੰ ਰੁਕਣ ਲਈ ਹੱਥ ਦਿੱਤਾ। ਉਹ ਕਹਿੰਦੀ ਮੈਨੂੰ ਉੱਥੇ ਕੁ ਤੱਕ ਲੈ ਚੱਲ। ਪਰ ਮੈਂ ਬੋਲਿਆ ਨਹੀਂ। ਨਾ ਸਾਇਕਲ ਰੋਕਿਆ। ਜੇ ਰੋਕ ਲੈਂਦਾਂ ਤਾਂ ਮਾਰਿਆ ਜਾਂਦਾ। ਪਰ ਨਹੀਂ। ਉਹ ਮਰਿਆ ਨਹੀਂ। ਉਸ ਦੀਆਂ ਸੁਣਾਈਆਂ ਕਿੰਨੀਆਂ ਹੀ ਗੱਲਾਂ ਨੂੰ ਮੈਂ 'ਚੂੜੇ ਵਾਲੀ ਬਾਂਹ' ਕਹਾਣੀ ਵਿਚ ਵਰਤਿਆ ਹੈ। ਕਹਾਣੀ ਵਿਚ ਇਹ ਗੱਲਾਂ ਨੇਤਰ ਨਾਲ ਨਹੀਂ, ਬੱਗੇ ਮਾਮੇ ਨਾਲ ਵਾਪਰਦੀਆਂ ਹਨ। ਬੱਗਾ ਇਸ ਕਹਾਣੀ ਦਾ ਮੁੱਖ ਪਾਤਰ ਹੈ। ਇਸ ਕਹਾਣੀ ਵਿਚ ਦੋ ਹੋਰ ਪਾਤਰ ਹਨ। ਪਹਿਲਾ ਕੇਸਰ ਮਾਮਾ ਹੈ। ਉਹ ਸਾਰੀ ਉਮਰ ਸਾਡੇ ਨਾਨੇ ਤੋਂ ਬਾਕੀ ਬਚੀ ਇਕ ਵਿੱਘਾ ਜ਼ਮੀਨ ਨੂੰ ਬਚਾਉਂਦਾ ਰਿਹਾ। ਕੋਟ-ਕਚਿਹਰੀ ਉਲਝਿਆ ਰਿਹਾ। ਪਤਾ ਹੀ ਨਾ ਲੱਗਾ ਕਦੋਂ ਵਿਆਹ ਦੀ ਉਮਰ ਲੰਘ ਗਈ। ਉਹ ਛੜਾ ਰਹਿ ਗਿਆ। ਆਪਣੇ ਅੰਦਰ ਬੈਠੇ ਛੜੇ ਨੂੰ ਤ੍ਰਿਪਤ ਕਰਨ ਲਈ ਬਾਅਦ ਵਿਚ ਉਹਨੇ ਇਕ ਕਮਾਲ ਦੀ ਜੁਗਤ ਵਰਤੀ। ਉਹ ਲੋਕਾਂ ਨੂੰ ਰਿਸ਼ਤੇ ਕਰਾਉਣ ਲੱਗ ਪਿਆ। ਆਖਰੀ ਸਾਹ ਤੱਕ ਉਹ ਤਿੰਨ ਸੌ ਤੋਂ ਵੱਧ ਰਿਸ਼ਤੇ ਕਰਵਾ ਚੁੱਕਾ ਸੀ। ਪਰ ਆਪ ਛੜਾ ਮਰਿਆ। ਦੂਜਾ ਬੰਦਾ ਮੇਰਾ ਛੋਟਾ ਸਾਲਾ ਦੀਪ ਹੈ। ਉਹਦਾ ਵਿਆਹ ਅਣਜੋੜ ਸੀ। ਉਹ ਸਾਰੀ ਉਮਰ ਆਪਣੀ ਘਰਆਲੀ ਨਾਲ ਲੜਦਾ ਰਿਹਾ। ਸ਼ਰਾਬ ਪੀਂਦਾ ਰਿਹਾ। ਕੋਟ-ਕਚਿਹਰੀ ਵਿਚ ਦਾਜ ਦਾ ਝੂਠਾ ਕੇਸ ਭੁਗਤਦਾ ਰਿਹਾ। ਇਕ ਦਿਨ ਪਤਾ ਹੀ ਨਾ ਲੱਗਾ ਕਦੋਂ ਮੂਹਰਲੀ ਟਾਕੀ ਨਾਲੋਂ ਹੱਥ ਛੁੱਟ ਗਿਆ। ਉਹ ਬਸ ਦੇ ਪਿਛਲੇ ਟਾਇਰਾਂ ਹੇਠ ਦੀ ਲੰਘ ਕੇ ਸੜਕ 'ਤੇ ਵਿਛ ਗਿਆ। ਉਹਦਾ ਤੇ ਕੇਸਰ ਮਾਮੇ ਦਾ ਸੰਕਟ, ਬੱਗੇ ਮਾਮੇ ਦੇ ਸੰਕਟ ਨਾਲ ਜੁੜ ਕੇ ਮਹਾਂ-ਸੰਕਟ ਬਣ ਜਾਂਦਾ ਹੈ। 'ਚੂੜੇ ਵਾਲੀ ਬਾਂਹ' ਕਹਾਣੀ ਵਿਚ ਰਾਮ ਆਸਰਾ ਅਤੇ ਤਾਇਆ ਪਾਤਰ ਵੀ ਹਨ। ਮੈਂ ਇਸ ਕਹਾਣੀ ਵਿਚ ਪਾਤਰ-ਉਸਾਰੀ ਦੀ ਇਕ ਵੱਖਰੀ ਜੁਗਤ ਵਰਤੀ ਹੈ। ਇਸ ਵਿਚ ਸਾਰੇ ਪਾਤਰਾਂ ਨੂੰ ਜੋੜ ਕੇ ਇਕ ਪੂਰਾ ਪਾਤਰ ਬੱਗਾ ਬਣਦਾ ਹੈ।
ਉਹ ਬਚਪਨ ਤੋਂ ਹੀ ਮੇਰੇ ਅੰਦਰ ਕਹਾਣੀ ਵਾਂਗ ਉੱਸਰਿਆ ਹੋਇਆ ਹੈ। ਜਦੋਂ ਮੈਂ ਛੋਟਾ ਜਿਹਾ ਸੀ। ਬਹੁਤਾ ਨਸਰਾਲੀ ਹੀ ਰਹਿੰਦਾ। ਇਹ ਮੇਰਾ ਨਾਨਕਾ ਪਿੰਡ ਹੈ। ਇਸ ਪਿੰਡ ਦਾ ਮੇਰੇ ਉੱਪਰ ਜਾਦੂਈ ਅਸਰ ਹੈ। ਜਦੋਂ ਵੀ ਕੋਈ ਕਹਾਣੀ ਲਿਖਦਾ ਹਾਂ। ਇਹ ਪਿੰਡ ਕਿਸੇ ਨਾ ਕਿਸੇ ਰੂਪ ਵਿਚ ਪਾਤਰ ਬਣ ਪੇਸ਼ ਹੁੰਦਾ ਹੈ। ਇਸ ਪਿੰਡ ਦੇ ਬੰਦਿਆਂ ਵਿਚੋਂ ਬੱਗਾ ਉਹ ਬੰਦਾ, ਜਿਸ ਦੀ ਮੈਂ ਰਗ-ਰਗ ਤੋਂ ਵਾਕਿਫ ਹਾਂ। ਉਹ ਬੇਜ਼ਮੀਨਾ ਜੱਟ ਸੀ। ਕਦੇ ਕਿਸੇ ਨਾਲ ਸੀਰੀ ਰਲ ਜਾਂਦਾ। ਕਦੇ ਦਿਹਾੜੀ-ਜੋਤਾ ਕਰਨ ਲੱਗ ਪੈਂਦਾ। ਉਹ ਮੂਲ ਰੂਪ ਵਿਚ ਕਿਰਤੀ ਬੰਦਾ ਸੀ। ਔਰਤ ਵਾਂਗ ਰੋਟੀ ਜੋਗਾ ਕੰਮ ਵੀ ਉਹਦੀ ਭਟਕਣ ਬਣਿਆ ਰਿਹਾ। ਉਹਦੀ ਭਟਕੀ ਜ਼ਿੰਦਗੀ ਦੀਆਂ ਕਿੰਨੀਆਂ ਕੁ ਪਰਤਾਂ ਹਨ ! ਮੈਨੂੰ ਨਹੀਂ ਪਤਾ। ਜਦੋਂ ਇਕ ਪਰਤ ਚਿਤਰ ਕੇ ਹਟਦਾ ਹਾਂ। ਕਿੰਨੀਆਂ ਹੀ ਹੋਰ ਗੱਲਾਂ ਦਿਸਣ ਲੱਗ ਪੈਂਦੀਆਂ ਹਨ। 'ਚੂੜੇ ਵਾਲੀ ਬਾਂਹ' ਤੋਂ ਬਾਅਦ ਮੈਨੂੰ ਕਈ ਬੰਦਿਆਂ ਨੇ ਕਿਹਾ ਕਿ ਹੁਣ ਇਸ ਪਾਤਰ ਉੱਪਰ ਕੁਝ ਹੋਰ ਨਾ ਲਿਖਾਂ। ਇਹ ਕਹਾਣੀ ਇਸ ਦਾ ਸਿਖਰ ਹੈ। ਪਰ ਉਫ ! ਬੱਗਾ, ਬੱਗਾ ਹੀ ਹੈ। ਉਹਦਾ ਕਰੈਕਟਰ ਮੈਨੂੰ ਹਮੇਸ਼ਾਂ ਵੰਗਾਰਦਾ ਰਹਿੰਦਾ ਹੈ। ਉਹਦੀ ਵੰਗਾਰ ਵਿਚ ਕਿੰਨੀਆਂ ਹੀ ਕਹਾਣੀਆਂ ਦਫਨ ਹਨ।
''ਤੇਰੇ ਅੰਦਰ ਵੀ ਤਾਂ ਕਿੰਨਾ ਕੁਝ ਦਫਨ ਐ....!'' ਜਦੋਂ ਪਾਤਰਾਂ ਦੀ ਗੱਲ ਤੁਰਦੀ ਹੈ, ਮੈਂ ਆਪਣੇ ਆਪ ਬਾਰੇ ਸੋਚਣ ਲੱਗ ਪੈਂਦਾ ਹਾਂ।
ਆਪਣੀਆਂ ਕਹਾਣੀਆਂ ਵਿਚ ਮੈਂ ਕਿੱਥੇ-ਕਿੱਥੇ ਤੇ ਕਿੰਨਾ ਕੁ ਹਾਂ! ਮੇਰੇ ਲਈ ਇਹ ਸਵਾਲ ਵੀ ਅਹਿਮ ਹੈ। ਉਂਝ ਤਾਂ ਉੱਤਮ-ਪੁਰਖੀ ਬਿਰਤਾਂਤ ਵਿਚ ਬਤੌਰ ਪਾਤਰ ਆਪਣੀ ਪਛਾਣ ਕਰਨੀ ਬੜਾ ਔਖਾ ਕੰਮ ਹੈ। ਪਰ ਪਾਤਰ-ਉਸਾਰੀ ਦੇ ਨੁਕਤਾ-ਨਿਗਾਹ ਤੋਂ ਇਹ ਪਛਾਣ ਕਰਨੀ ਬਣਦੀ ਹੈ।ਮੈਂ ਜਦੋਂ ਆਪਣੇ ਆਪ ਨੂੰ ਪਾਤਰ ਦੇ ਤੌਰ 'ਤੇ ਵੇਖਦਾ ਹਾਂ। ਮੈਨੂੰ ਆਪਣੇ ਕਈ ਰੂਪ ਨਜ਼ਰ ਆਉਂਦੇ ਹਨ। ਇਨ੍ਹਾਂ ਰੂਪਾਂ ਵਿਚੋਂ ਇੱਥੇ ਮੈਂ ਦੋ ਰੂਪਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ। ਇਕ ਤਾਂ ਇਹ ਕਿ ਮੈਂ ਸ਼ੁਰੂ ਤੋਂ ਹੀ ਅੰਤਰ-ਮੁਖੀ ਸੁਭਾਅ ਦਾ ਬੰਦਾ ਹਾਂ। ਬਚਪਨ ਵਿਚ ਮੈਂ ਪਹਿਲੇ ਗਿਆਰਾਂ ਸਾਲ ਇਕੱਲ ਕੱਟੀ ਹੈ। ਇਸ ਇਕੱਲ ਨੇ ਮੇਰੇ ਅੰਦਰ ਕਿੰਨੇ ਹੀ ਡਰਾਂ, ਸੰਗਾਂ, ਝਿਜਕਾਂ ਤੇ ਕੰਪਲੈਕਸ ਨੂੰ ਜਨਮ ਦਿੱਤਾ। ਆਪਣੀ ਸਵੈ-ਉਸਾਰੀ ਲਈ ਮੈਂ ਸਭ ਤੋਂ ਵੱਧ ਅੰਤਰ-ਮਨ ਦੀ ਯਾਤਰਾ ਕੀਤੀ ਹੈ। ਇਸ ਯਾਤਰਾ ਕਾਰਨ ਹੀ ਮੈਂ ਆਪਣੇ ਪਾਤਰਾਂ ਦੀ ਮਨੋਵਿਗਿਆਨਕ ਬਾਰੀਕੀ ਨੂੰ ਪੇਸ਼ ਕਰਨ ਵਿਚ ਸਫਲ ਹੋਇਆ ਹਾਂ। ਜਿਸ ਵਕਤ ਮੈਂ ਕੋਈ ਪਾਤਰ ਫੜਦਾ ਹਾਂ। ਮੇਰੇ ਸਾਹਮਣੇ ਉਸ ਦੀਆਂ ਦੋ ਗੱਲਾਂ ਅਹਿਮ ਹੁੰਦੀਆਂ ਹਨ। ਇਕ ਤਾਂ ਉਹ ਬਾਹਰੀ ਪੱਧਰ 'ਤੇ ਕੀ, ਕਿਉਂ ਤੇ ਕਿਵੇਂ ਜੀਅ ਰਿਹਾ ਹੈ! ਦੂਜਾ ਉਹ ਜੋ ਜੀਅ ਰਿਹਾ ਹੈ ਉਹਦਾ ਉਸ ਦੇ ਅੰਤਰ-ਮਨ 'ਤੇ ਕੀ, ਕਿਉਂ ਤੇ ਕਿਵੇਂ ਦਾ ਪ੍ਰਭਾਵ ਪੈ ਰਿਹਾ ਹੈ! ਤੇ ਫਿਰ ਇਸ ਪ੍ਰਭਾਵ-ਕਬੂਲੀ ਤੋਂ ਬਾਅਦ ਉਸਦੀ ਸੋਚ, ਵਿਵਹਾਰ ਤੇ ਜ਼ਿੰਦਗੀ ਦੀ ਪੁੱਠ-ਸਿੱਧ ਕੀ ਬਣ ਜਾਂਦੀ ਹੈ। ਆਪਣੇ ਪਾਤਰਾਂ ਦੀ ਜੀਵਨ-ਝਾਕੀ ਨੂੰ ਡੂੰਘੇ ਤਲ 'ਤੇ ਜਾ ਕੇ ਪਕੜਨ ਵਿਚ ਮੇਰਾ ਅੰਤਰ-ਮਨ ਵੀ ਇਕ ਪਾਤਰ ਦੇ ਤੌਰ 'ਤੇ ਕੰਮ ਕਰ ਰਿਹਾ ਹੁੰਦਾ ਹੈ। ਜਿੱਥੇ ਇਕ ਪਾਸੇ ਮੇਰੀ ਮਨੋਵਿਗਿਆਨਕ ਪ੍ਰਵਿਰਤੀ ਪਾਤਰ ਬਣਦੀ ਹੈ, ਉੱਥੇ ਦੂਜੇ ਪਾਸੇ ਮੇਰਾ ਦੂਜਾ ਰੂਪ ਵੀ ਅਹਿਮ ਹੈ। ਪਹਿਲਾਂ ਤੋਂ ਹੀ ਮੇਰੇ ਅੰਦਰ ਇਕ ਜਗਿਆਸੂ ਫਕੀਰ ਵਸਦਾ ਹੈ। ਮੈਨੂੰ ਸ਼ੁਰੂ ਤੋਂ ਹੀ ਕੋਈ ਤਲਾਸ਼ ਹੈ। ਮੈਂ ਬਚਪਨ ਤੋਂ ਹੀ ਕਿਸੇ ਖੋਜ ਵਿਚ ਹਾਂ। ਇਸ ਖੋਜ-ਤਲਾਸ਼ੀ ਦਾ ਹੀ ਸਿੱਟਾ ਹੈ ਕਿ ਮੈਂ ਜਾਸੂਸੀ ਨਾਵਲ, ਓਸ਼ੋ, ਤਰਕਸ਼ੀਲ ਸਾਹਿਤ, ਫਿਲਾਸਫੀ, ਧਰਮ, ਵਿਗਿਆਨ, ਮਨੋਵਿਗਿਆਨ ਤੇ ਪਤਾ ਨਹੀਂ ਕੀ-ਕੀ ਪੜ੍ਹ ਗਿਆ। ਪਰ ਜਿਉਂ-ਜਿਉਂ ਮੈਂ ਪੜ੍ਹਿਆ। ਮੇਰੀ ਤਲਾਸ਼ ਹੋਰ ਵਧੀ ਹੈ! ਖੋਜ ਹੋਰ ਡੂੰਘੀ ਹੋਈ ਹੈ। ਮੈਂ ਮੁੱਦਤਾਂ ਤੋਂ ਚੁੱਪ-ਚਾਪ ਇਕ ਸਫਰ 'ਤੇ ਹਾਂ। ਆਪਣੇ ਸੁਭਾਅ ਦੀਆਂ ਇਨ੍ਹਾਂ ਰਹੱਸਮਈ ਪਰਤਾਂ ਨੂੰ ਮੈਂ 'ਦੋ ਸਾਹਾਂ ਵਿਚਲਾ ਠਹਿਰਾਅ' ਕਹਾਣੀ ਵਿਚ ਪੇਸ਼ ਕੀਤਾ ਹੈ। ਇਸ ਕਹਾਣੀ ਵਿਚ ਤਿੰਨ ਪ੍ਰਮੁੱਖ ਪਾਤਰ ਸੂਰਜ ਦੇਵ, ਤ੍ਰਿਕਾਲ ਦੇਵ ਤੇ ਸੰਦਲਾ ਹਨ। ਮੈਂ ਇਨ੍ਹਾਂ ਪਾਤਰਾਂ ਵਿਚ ਵੱਖ-ਵੱਖ ਰੰਗਾਂ ਔਰ ਰੂਪਾਂ ਵਿਚ ਸ਼ਾਮਿਲ ਹਾਂ। ਕਈ ਹੋਰ ਕਹਾਣੀਆਂ ਨਸਲਘਾਤ, ਡਾਰਕ-ਜ਼ੋਨ, ਸੁਰਜੀਤ ਕਤਲ-ਕਾਂਡ ਤੇ ਖਿੱਤੀਆਂ ਘੁੰਮ ਰਹੀਆਂ ਨੇ ਵਿਚ ਵੀ ਮੈਂ ਟੋਟਿਆਂ ਵਿਚ ਸ਼ਾਮਿਲ ਹਾਂ। ਕਹਾਣੀਆਂ ਦੇ 'ਮੈਂ' ਪਾਤਰ ਵਿਚ ਇਹ ਟੋਟੇ ਕਿੱਥੇ-ਕਿੱਥੇ ਪਏ ਹਨ। ਇਹ ਸਿਰਫ ਮੈਨੂੰ ਹੀ ਪਤਾ ਹੈ। ਆਪਣੇ ਆਪ ਨੂੰ ਬੇਪਛਾਣ ਕਰਨ ਲਈ ਮੈਂ ਆਪਣੇ ਆਪ ਨੂੰ ਦੂਰ ਖੜ੍ਹ ਕੇ ਸਾਕਸ਼ੀ-ਭਾਵ ਨਾਲ ਵੇਖਦਾ ਹਾਂ। ਆਪਣੀ ਮੈਂ ਤੋਂ ਇਕ ਵਿੱਥ ਸਿਰਜਦਾ ਹਾਂ। ਲੇਕਿਨ 'ਮੈਂ ਧਰਮ ਸੰਕਟ ਵਿਚ ਹਾਂ' ਕਹਾਣੀ ਵਿਚਲਾ ਸਰਵਣ ਮੈਂ ਖੁਦ ਹਾਂ। ਜਿਸ ਵਕਤ ਇਹ ਕਹਾਣੀ ਲਿਖੀ। ਉਨ੍ਹਾਂ ਦਿਨਾਂ ਵਿਚ ਮੈਂ ਬੇਰੁਜ਼ਗਾਰ ਸੀ। ਮੇਰੇ ਕੋਲ ਲੰਬੀ ਬੇਰੁਜ਼ਗਾਰੀ ਦਾ ਅਨੁਭਵ ਸੀ। ਛੋਟੀ ਕਿਸਾਨੀ ਦੇ ਬਹੁ-ਪਰਤੀ ਸੰਕਟ ਉੱਪਰ ਖੜ੍ਹੀ ਇਸ ਕਹਾਣੀ ਵਿਚ ਮਾੜੀ ਆਰਥਿਕਤਾ ਰਿਸ਼ਤਾ-ਪ੍ਰਬੰਧ ਨੂੰ ਕਿਵੇਂ ਤੋੜਦੀ-ਬਦਲਦੀ ਹੈ! ਇਕ ਪੜ੍ਹਿਆ ਲਿਖਿਆ ਪਰ ਸਿਦਕੀ ਬੰਦਾ ਕਿਵੇਂ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਗੁਆ ਲੈਂਦਾ ਹੈ! ਤੇ ਕਿਵੇਂ ਉਹਦਾ ਧਰਮ ਹੀ ਉਹਦਾ ਧਰਮ-ਸੰਕਟ ਬਣ ਜਾਂਦਾ ਹੈ। ਇਨ੍ਹਾਂ ਨੁਕਤਿਆਂ ਨੂੰ ਗਹਿ-ਗੱਚ ਰੂਪ ਵਿਚ ਪੇਸ਼ ਕਰਨ ਲਈ ਮੇਰੇ ਕੋਲ ਸਭ ਤੋਂ ਪ੍ਰਮਾਣਿਕ ਪਾਤਰ 'ਮੈਂ' ਹੀ ਸੀ। ਸਿਰਫ ਇਸ ਕਹਾਣੀ ਦੀ ਗੱਲ ਨਹੀਂ। ਜਦੋਂ ਵੀ ਕਿਸੇ ਕਹਾਣੀ ਵਿਚ ਬੇਰੁਜ਼ਗਾਰੀ ਤੇ ਮਾੜੀ ਆਰਥਿਕਤਾ ਦਾ ਸੰਕਟ ਹੰਢਾ ਰਹੇ ਪਾਤਰ ਨੂੰ ਚਿਰਤਨ ਦਾ ਸਵਾਲ ਹੁੰਦਾ। ਉੱਥੇ ਮੇਰਾ ਆਪਾ ਕੰਮ ਆਉਂਦਾ ਹੈ। ਇਸ ਸੰਦਰਭ ਵਿਚ ਜਦੋਂ 'ਸਿਖਰ ਦੁਪਹਿਰਾ' ਅਤੇ 'ਦੌੜ ਸ਼ੁਰੂ ਹੈ' ਕਹਾਣੀਆਂ ਨੂੰ ਵੇਖਦੇ ਹਾਂ। ਇਨ੍ਹਾਂ ਵਿਚ ਕ੍ਰਮਵਾਰ ਦੋ ਪਾਤਰ ਅਮਰਦੀਪ ਤੇ ਜਿੰਮੀ ਹਨ। ਇਹ ਦੋਵੇਂ ਛੋਟੀ ਕਿਸਾਨੀ, ਬੇਰੁਜ਼ਗਾਰੀ ਤੇ ਮਾੜੀ ਆਰਥਿਕਤਾ ਹੰਢਾ ਰਹੇ ਵਰਗ ਦਾ ਹਿੱਸਾ ਹਨ। ਇਨ੍ਹਾਂ ਪਾਤਰਾਂ ਦੇ ਰੂਪ ਵਿਚ ਵੀ ਮੈਂ ਹੀ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਸਵੈ ਦੀ ਪੇਸ਼ਕਾਰੀ ਵਿਚ ਐਸਾ ਨਹੀਂ ਕਿ ਸਾਰੇ ਦਾ ਸਾਰਾ ਮੈਂ ਹੁੰਦਾ ਹਾਂ। ਕਹਾਣੀ ਦੀ ਲੋੜ ਅਨੁਸਾਰ ਕਲਪਨਾ ਵੀ ਹੁੰਦੀ ਹੈ।
ਮੇਰੀਆਂ ਕਹਾਣੀਆਂ ਵਿਚ ਇਕ ਬਾਪੂ ਦਾ ਪਾਤਰ ਆਉਂਦਾ ਹੈ। ਇਸ ਪਾਤਰ ਦਾ ਬਹੁਤਾ ਹਿੱਸਾ ਮੇਰਾ ਬਾਜ਼ੀ ਹੈ। ਮੈਂ ਪਿਤਾ ਨੂੰ ਬਾਜ਼ੀ ਕਹਿੰਦਾ ਹਾਂ। ਪਰ ਕਹਾਣੀ ਵਿਚ ਪਿਤਾ ਨਾ ਬਾਜ਼ੀ। ਮੈਨੂੰ ਬਾਪੂ ਲਿਖਣਾ ਚੰਗਾ ਲੱਗਦਾ ਹੈ। ਮੈਂ ਜਿਸ ਬਾਜ਼ੀ ਦੀ ਗੱਲ ਕਰ ਰਿਹਾ ਹਾਂ। ਉਹਨੇ 23 ਸਾਲ ਫੌਜ ਵਿਚ ਨੌਕਰੀ ਕੀਤੀ। ਫਿਰ 20 ਸਾਲ ਰੱਖੜਾ ਸ਼ੂਗਰ ਮਿੱਲ ਵਿਚ ਸਕਿਊਰਟੀ ਅਫਸਰ ਦੀ ਪੋਸਟ 'ਤੇ ਕੰਮ ਕੀਤਾ। ਫੌਜ ਵਿਚੋਂ ਉਹ ਸੂਬੇਦਾਰ ਰਿਟਾਇਰ ਹੋਇਆ ਸੀ। ਰਿਟਾਇਰ ਹੋ ਕੇ ਰੱਖੜਾ ਮਿੱਲ ਵਿਚ ਲੱਗਣ ਤੋਂ ਬਾਅਦ ਉਹਨੇ ਨਾਲ ਪੰਦਰਾ-ਸੋਲਾਂ ਸਾਲ ਖੇਤੀ ਵੀ ਕੀਤੀ। ਮੈਸ੍ਹਾਂ ਵੀ ਰੱਖੀਆਂ। ਇਸ ਕੰਮ ਵਿਚ ਮੈਂ ਉਹਦੇ ਨਾਲ ਹੁੰਦਾ ਸੀ। ਉਹਨੇ ਸ਼ੁਰੂ ਤੋਂ ਹੀ ਕੋਈ ਪੈਸਾ ਨਹੀਂ ਜੋੜਿਆ। ਰੱਜ ਕੇ ਸ਼ਰਾਬ ਪੀਤੀ। ਗੱਡ ਕੇ ਕੰਮ ਕੀਤਾ। ਪਰ ਉਹ ਸਾਰੀ ਉਮਰ ਇਕ ਥਾਂ 'ਤੇ ਖੜ੍ਹਾ ਦੌੜਦਾ ਰਿਹਾ। ਆਰਥਿਕ ਤੌਰ 'ਤੇ ਕੋਈ ਤਰੱਕੀ ਨਾ ਹੋਈ। ਅਸੀਂ ਛੋਟੀ ਕਿਸਾਨੀ ਦਾ ਘੋਰ ਸੰਕਟ ਝੱਲਿਆ। ਪੈਸਿਆਂ ਦੀ ਥੁੜ ਹੰਢਾਈ। ਘਰ ਵਿਚ ਕਲੇਸ਼ ਹੁੰਦਾ ਵੇਖਿਆ। ਬਾਜ਼ੀ ਸਾਰੀ ਉਮਰ ਮੇਰੀ ਮਾਂ ਨਾਲ ਲੜਦਾ ਰਿਹਾ। ਇਹ ਲੜਾਈ ਕਰਨ ਵਾਲੇ ਬਾਪੂ ਦਾ ਕਿਰਦਾਰ 'ਦੌੜ ਸ਼ੁਰੂ ਹੈ', ਜ਼ਰਾ ਬਚਕੇ ਮੋੜ ਤੋਂ, ਮੈਂ ਧਰਮ ਸੰਕਟ ਵਿਚ ਹਾਂ, ਖਿੱਤੀਆਂ ਘੁੰਮ ਰਹੀਆਂ ਨੇ ਅਤੇ ਪੱਟ 'ਤੇ ਵਾਹੀ ਮੋਰਨੀ ਕਹਾਣੀ ਵਿਚ ਦਰਜ਼ ਹੈ। ਉਪਰਲੀ ਸਤਰ ਵਿਚਲੀਆਂ ਆਖਰੀ ਦੋ ਕਹਾਣੀਆਂ ਵਿਚ ਬਾਪੂ ਦਾ ਪਾਤਰ ਕੁਝ ਵੱਖਰੀ ਤਰ੍ਹਾਂ ਦਾ ਹੈ। 'ਖਿੱਤੀਆਂ ਘੁੰਮ ਰਹੀਆਂ ਨੇ' ਕਹਾਣੀ ਵਿਚਲਾ ਬਾਪੂ ਮੇਰਾ ਬਾਜ਼ੀ ਨਹੀਂ। ਇਸ ਪਾਤਰ ਦਾ ਵੱਡਾ ਹਿੱਸਾ ਮੇਰੇ ਚਾਚੇ ਦਾ ਕਿਰਦਾਰ ਹੈ। ਬਾਕੀ ਪਿੰਡ ਔਰ ਇਲਾਕੇ ਦੇ ਵਿਗੜੇ ਹੋਏ ਬੰਦਿਆਂ ਦਾ ਜੋੜ ਹੈ। 'ਪੱਟ 'ਤੇ ਵਾਹੀ ਮੋਰਨੀ' ਵਿਚ ਪੇਸ਼ ਹੋਇਆ ਬਾਪੂ ਵੀ ਕੁਝ ਮੇਰਾ ਚਾਚਾ ਹੈ। ਇਸ ਕਹਾਣੀ ਵਿਚ ਆਪਣੀ 'ਪ੍ਰੇਮ-ਕਹਾਣੀ' ਸੁਨਾਉਣ ਵਾਲਾ ਪਾਤਰ ਹਰ ਉਹ ਬਾਪ ਹੈ, ਜਿਸ ਦੇ ਸੀਨੇ ਵਿਚ ਉਹਦੀ ਪ੍ਰੇਮਿਕਾ ਦਫਨ ਹੈ। ਫੌਜੀ ਜੀਵਨ ਨਾਲ ਸਬੰਧਿਤ ਅਨੁਭਵ ਮੇਰੇ ਬਾਜ਼ੀ ਦੀਆਂ ਦੱਸੀਆਂ ਹੋਈਆਂ ਗੱਲਾਂ ਹਨ। ਕੁਝ ਹੋਰ ਜੀਵਨ-ਘਟਨਾਵਾਂ ਵੀ ਉਸ ਦੀਆਂ ਹਨ। ਜਿਵੇਂ ਨਹਿਰ 'ਤੇ ਮਿਲੇ ਬਦਮਾਸ਼ਾਂ ਵਾਲੀ ਘਟਨਾ। ਇਹ ਘਟਨਾ ਮਾਂ ਵੀ ਦੱਸਦੀ ਹੁੰਦੀ ਹੈ। ਪਰ ਇਹ ਇੰਝ ਨਹੀਂ ਵਾਪਰੀ ਸੀ ਜਿਵੇਂ ਕਹਾਣੀ ਵਿਚ ਦਰਜ਼ ਹੈ। ਮੈਂ ਕਹਾਣੀ ਦੀ ਲੋੜ ਅਨੁਸਾਰ ਇਸ ਦਾ ਰੂਪ ਤੇ ਅਰਥ ਬਦਲ ਦਿੱਤਾ ਹੈ। 'ਚੂੜੇ ਵਾਲੀ ਬਾਂਹ' ਕਹਾਣੀ ਵਿਚ ਜਿਹੜਾ ਮੁੱਖ-ਪਾਤਰ ਬੱਗੇ ਦਾ ਬਾਪੂ ਹੈ। ਉਹਦਾ ਨਾਂ ਨੇਕ ਅਮਲੀ ਹੈ। ਉਹ ਮੇਰਾ ਨਾਨਾ ਸੀ। ਜਦੋਂ ਮੈਂ ਕਿਤੇ ਪਹਿਲੀ-ਦੂਜੀ ਵਿਚ ਪੜ੍ਹਦਾ ਸੀ। ਉਹ ਮਰ ਗਿਆ। ਮੈਨੂੰ ਸਕੂਲੋਂ ਬੁਲਾ ਕੇ ਲਿਆਂਦਾ ਗਿਆ। ਮਾਂ ਮੈਨੂੰ ਨਾਲ ਹੀ ਨਸਰਾਲੀ ਲੈ ਗਈ। ਮੈਨੂੰ ਥੋੜੀ-ਥੋੜੀ ਸੁਰਤ ਹੈ। ਬੀਹੀ ਤੇ ਘਰ ਵਿਚ ਲੋਕਾਂ ਦਾ ਇਕੱਠ। ਰੋਣ-ਪਿੱਟਣ। ਮੈਨੂੰ ਪਤਾ ਨਹੀਂ ਸੀ ਕਿ ਕੀ ਹੋ ਗਿਆ। ਕਿਸੇ ਨੇ ਮੈਨੂੰ ਗੁੜ ਖਾਣਿਆਂ ਦੇ ਮੇਲ ਦੀ ਹੱਟੀ ਤੋਂ ਬਿਸਕੁਟਾਂ ਦੀ ਡੱਬੀ ਦਿਵਾ ਦਿੱਤੀ। ਲੋਕਾਂ ਵੱਲ ਵੇਖਦਾ ਮੈਂ ਉਹ ਖਾਂਦਾ ਫਿਰ ਰਿਹਾ ਸੀ। ਮੇਰਾ ਨਾਨਾ ਕਿੱਥੇ ਸੀ! ਪਤਾ ਨਹੀਂ। ਬਾਅਦ ਵਿਚ ਮੈਂ ਜਿੰਨੀ ਵਾਰੀ ਵੀ ਯਾਦ ਕੀਤਾ। ਮੈਨੂੰ ਨਾਨੇ ਦਾ ਇਕੋ ਸੀਨ ਯਾਦ ਆਉਂਦਾ। ਕਾਲਾ ਰੰਗ। ਮਾਵੇ ਵਾਲੀ ਲੜ ਛੱਡਵੀਂ ਚਿੱਟੀ ਪੱਗ। ਚਿੱਟਾ ਕੁੜਤਾ-ਚਾਦਰਾ ਤੇ ਪੈਰੀਂ ਕਾਲੇ ਕੁਰਮ ਦੀ ਜੁੱਤੀ। ਹੱਥ ਦੀਆਂ ਉਂਗਲਾਂ ਵਿਚ ਸਿਗਰਟ ਫਸਾਈਂ ਉਹ ਮੈਸ੍ਹਾਂ ਵਾਲੀ ਖੁਰਲੀ 'ਤੇ ਬੈਠਾ ਹੁੰਦਾ ਸੀ। ਕਈ ਵਾਰ ਖੇਡਦੇ ਨੂੰ ਮੈਨੂੰ ਘਰ ਵਿਚ 'ਰੈੱਡ ਐਂਡ ਲੈਂਪ' ਦੀਆਂ ਖਾਲੀ ਡੱਬੀਆਂ ਵੀ ਮਿਲਦੀਆਂ। ਸਾਰੇ ਆਖਦੇ ਕਿ ਉਹ ਅਮਲੀ ਸੀ। ਕਾਲੀ ਨਾਗਣੀ ਵੀ ਖਾਂਦਾ। ਅਮਲ ਪੂਰਾ ਕਰਨ ਲਈ ਉਹਨੇ ਸੌ ਵਿਚੋਂ ਨੜਿੱਨਵੇਂ ਵਿੱਘੇ ਜ਼ਮੀਨ ਲੂਣਿਆਂ ਵਾਲੇ ਮੀਤੇ ਕੋਲ ਲਿਖਵਾ ਦਿੱਤੀ। ਆਪ ਤਾਂ ਉਹ ਮਰ ਗਿਆ। ਮਾਮਿਆਂ ਨੂੰ ਬੇਜ਼ਮੀਨਾ ਤੇ ਅਣਵਿਆਹਿਆ ਜੱਟ ਬਣਾ ਗਿਆ। ਬੱਗਾ ਬਦਮਾਸ਼ ਤੇ ਚੂੜੇ ਵਾਲੀ ਬਾਂਹ ਕਹਾਣੀਆਂ ਵਿਚ ਉਹ ਮੁੱਖ-ਪਾਤਰਾਂ ਦੀ ਹੋਣੀ ਤੈਅ ਕਰਨ ਵਾਲਾ ਬਾਪੂ ਪਾਤਰ ਹੈ।
ਬਾਪੂ ਵਾਂਗ ਮੇਰੀਆਂ ਕਹਾਣੀਆਂ ਵਿਚ ਮਾਂ ਵੀ ਇਕ ਮਹੱਤਵਪੂਰਨ ਪਾਤਰ ਹੈ। ਮੇਰਾ ਬਾਜ਼ੀ ਫੌਜ ਵਿਚ ਸੀ। ਮੈਂ ਸ਼ੁਰੂ ਤੋਂ ਹੀ ਬਹੁਤਾ ਮਾਂ ਨਾਲ ਰਿਹਾ ਹਾਂ। ਮਾਂ ਦਾ ਮੇਰੀ ਸਖਸ਼ੀਅਤ 'ਤੇ ਬਹੁਪਰਤੀ ਅਸਰ ਹੈ। ਇਸ ਅਸਰ ਨੇ ਮੇਰੇ ਅੰਦਰਲੇ 'ਵਾਤਸਲ ਭਾਵ' ਨੂੰ ਵਿਸਥਾਰ ਦਿੱਤਾ ਹੈ। ਇਸ ਵਿਸਥਾਰ ਕਾਰਨ ਮੈਨੂੰ ਕਿੰਨੀਆਂ ਹੀ ਔਰਤਾਂ ਵਿਚ ਆਪਣੀ ਮਾਂ ਨਜ਼ਰ ਆਉਂਦੀ ਹੈ। ਜਿਨ੍ਹਾਂ ਵਿਚ ਮਾਂ ਨਜ਼ਰ ਆਉਂਦੀ ਹੈ। ਉਨ੍ਹਾਂ ਵਿਚੋਂ ਸਭ ਤੋਂ ਪਹਿਲਾ ਉਹਦਾ ਜ਼ਿਕਰ ਕਰਾਂਗਾ ਜਿਸ ਨੇ ਮੈਨੂੰ ਜਨਮ ਦਿੱਤਾ। ਮੈਂ ਇਸ ਮਾਂ ਦਾ ਇਕੱਲਾ ਪੁੱਤ ਹਾਂ। ਮੇਰੀ ਭੈਣ ਡਾ. ਗੁਰਮੀਤ ਕੌਰ ਮੈਥੋਂ ਗਿਆਰਾਂ ਸਾਲ ਛੋਟੀ ਹੈ। ਮਾਂ ਨੂੰ ਸ਼ੁਰੂ ਤੋਂ ਹੀ ਮੇਰਾ ਬੇਹੱਦ ਫਿਕਰ ਰਿਹਾ। ਉਹਨੇ ਮੈਨੂੰ ਸਾਂਭ-ਸਾਂਭ ਰੱਖਿਆ। ਉਹ ਵਕਤ-ਵਕਤ 'ਤੇ ਮੇਰੇ ਨਾਲ ਲੜਦੀ, ਝਗੜਦੀ, ਟੋਕਦੀ ਤੇ ਗੁੱਸੇ ਵੀ ਹੁੰਦੀ ਰਹੀ ਹੈ। ਪਰ ਉਹਦੇ ਵਿਵਹਾਰ ਵਿਚੋਂ ਕਦੀ 'ਮਾਂ ਵਾਲਾ ਫਿਕਰ' ਨਹੀਂ ਮੁੱਕਿਆ। ਉਹ ਮੇਰੀ ਨਾਨੀ ਦਾ ਹੀ ਕੋਈ ਰੂਪ ਹੈ। ਨਾਨੀ ਵੀ ਸਾਰੀ ਉਮਰ ਫਿਕਰਾਂ ਵਿਚ ਡੁੱਬੀ ਰਹੀ। ਉਹਨੇ ਮੇਰੇ ਅਮਲੀ ਨਾਨੇ ਦਾ ਜ਼ੁਲਮ ਵੀ ਝੱਲਿਆ। ਇਕ ਵਾਰ ਮੈਂ ਛੋਟਾ ਜਿਹਾ ਸੀ। ਨਾਨਾ ਮੇਰੀ ਨਾਨੀ ਨੂੰ ਔਹ ਸਿਰੇ ਵਾਲੀ ਕੋਠੜੀ ਕੋਲ ਸੰਦੂਕ ਉਹਲੇ ਸਿੱਟੀਂ ਖੜ੍ਹਾ ਸੀ। ਉਹਨੇ ਨਾਨੀ ਦੇ ਢਿੱਡ ਉੱਪਰ ਬਰਛਾ ਰੱਖਿਆ ਹੋਇਆ। ਉਹ ਅਮਲ ਲਈ ਪੈਸੇ ਮੰਗਦਾ ਸੀ। ਜਦੋਂ ਉਹ ਮਰ ਗਿਆ। ਨਾਨੀ ਨੂੰ ਮਾਮਿਆਂ ਦਾ ਫਿਕਰ ਚਿੰਬੜ ਗਿਆ। ਉਹ ਮਾਮਿਆਂ ਵਾਂਗ ਫਿਕਰਾਂ ਮਾਰੀ ਜ਼ਿੰਦਗੀ ਹੰਢਾਉਂਦੀ ਹੋਈ ਮੁੱਕ ਗਈ। ਬੱਗੇ ਤੇ ਕੇਸਰ ਮਾਮੇ ਦਾ ਛੜਾ ਰਹਿ ਜਾਣਾ ਉਹਦਾ ਨਾ ਟੁੱਟਣ ਵਾਲਾ ਦੁੱਖ ਸੀ। ਉਹ 'ਚੂੜੇ ਵਾਲੀ ਬਾਂਹ' ਅਤੇ 'ਬੱਗਾ ਬਦਮਾਸ਼' ਕਹਾਣੀਆਂ ਵਿਚ ਅਸਲੀ ਪਾਤਰ ਹੈ। ਮਾਂ ਦਾ ਇਕ ਹੋਰ ਰੂਪ ਮੈਂ ਅਮਲੋਹ ਵਾਲੀ ਬੀਜੀ ਵਿਚ ਵੇਖਿਆ। ਉਹ ਭਰ ਜਵਾਨੀ ਵਿਚ ਵਿਧਵਾ ਹੋ ਗਈ। ਇਕੱਲੀ ਨੇ ਦੋ ਪੁੱਤਾਂ ਤੇ ਇਕ ਧੀ ਨੂੰ ਪਾਲਿਆ, ਪਲੋਸਿਆ ਤੇ ਪੜ੍ਹਾਇਆ। ਧੀ ਤਾਂ ਵਿਆਹ ਦਿੱਤੀ। ਵਿਆਹੇ-ਵਰੇ ਪੁੱਤ ਜਦੋਂ ਸਿਖਰ ਜਵਾਨੀ ਵਿਚ ਸਨ। ਦੋਵੇਂ ਮਰ ਗਏ। ਬੀਜੀ ਫਿਰ ਉਨ੍ਹਾਂ ਦੇ ਜੁਆਕ ਪਾਲਣ ਲੱਗ ਪਈ। ਘੋਰ ਸੰਕਟਾਂ ਵਿਚ ਦੀ ਲੰਘਣ ਵਾਲੀ ਉਹ ਔਰਤ ਹਮੇਸ਼ਾਂ ਹੱਸਦੀ ਤੇ ਚੜ੍ਹਦੀ ਕਲਾ ਵਿਚ ਰਹਿੰਦੀ ਹੈ। ਉਹ ਮੈਨੂੰ ਹੈਮਿੰਗਵੇ ਦੇ ਨਾਵਲ 'ਬੁੱਢਾ ਤੇ ਸਮੁੰਦਰ' ਦੀ ਪਾਤਰ ਸੇਂਟਿਆਗੋ ਜਾਪਦੀ ਹੈ। ਜਿਸ ਨੂੰ ਤਬਾਹ ਤਾਂ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ। ਹਾਰੀ ਜ਼ਿੰਦਗੀ ਦੀ ਬਾਜ਼ੀ ਜਿੱਤਣ ਵਾਲੀ ਇਕ ਹੋਰ ਮਾਂ ਮੇਰੀ ਸਿਮਰਤੀ ਦਾ ਹਿੱਸਾ ਹੈ। ਉਹ ਇਕ ਅਧਿਆਪਕ ਸਾਥੀ ਦੀ ਮਾਂ ਹੈ। ਇਕ ਵਾਰ ਮੈਂ ਤੇ ਰਾਜੂ ਉਨ੍ਹਾਂ ਦੇ ਘਰ ਮਿਲਣ ਗਏ। ਉਸ ਮਿਲਣੀ ਵਿਚ ਉਹ ਮਾਂ ਸਾਨੂੰ ਇਸ ਤਰ੍ਹਾਂ ਮਿਲੀ, ਜਿਵੇਂ ਉਸ ਨੂੰ ਆਪਣੇ ਪੁੱਤਰ-ਨੂੰਹ ਮਿਲ ਗਏ ਹੋਣ। ਉਹਦੇ ਦੋ ਬੇਟੀਆਂ ਹੀ ਹਨ। ਕੋਈ ਮੁੰਡਾ ਨਹੀਂ। ਮੈਂ ਇਕ-ਅੱਧੀ ਵਾਰ ਉਸ ਨੂੰ ਪਹਿਲਾਂ ਵੀ ਮਿਲਿਆ ਸੀ। ਪਰ ਉਸ ਮਿਲਣੀ ਵਿਚ ਮੈਂ ਉਹਦੇ ਅੰਦਰ ਪੁੱਤ ਤੋਂ ਖਾਲ਼ੀ ਵਿਹੜੇ ਦਾ ਜਿਹੜਾ ਦਰਦ ਤੈਰਦਾ ਵੇਖਿਆ। ਉਹ ਮੈਨੂੰ ਧੁਰ ਤੱਕ ਹਲੂਣ ਗਿਆ। ਇਨ੍ਹਾਂ ਚਾਰ ਔਰਤਾਂ ਨੂੰ ਜੋੜ ਕੇ ਮੇਰੀਆਂ ਕਹਾਣੀਆਂ ਦੀ 'ਮਾਂ ਪਾਤਰ' ਬਣਦੀ ਹੈ। ਚੂੜੇ ਵਾਲੀ ਬਾਂਹ, ਬੱਗਾ ਬਦਮਾਸ਼, ਜ਼ਰਾ ਬਚਕੇ ਮੋੜ ਤੋਂ, ਦੌੜ ਸ਼ੁਰੂ ਹੈ, ਖਿੱਤੀਆਂ ਘੁੰਮ ਰਹੀਆਂ ਨੇ, ਮੋਏ ਰਿਸ਼ਤਿਆਂ ਦੀ ਕਥਾ, ਪੱਟ 'ਤੇ ਵਾਹੀ ਮੋਰਨੀ, ਪੈੜ-ਚਾਲ, ਸਿਖਰ ਦੁਪਹਿਰਾ, ਨਸਲਘਾਤ ਤੇ ਸੁਰਜੀਤ ਕਤਲ-ਕਾਂਡ ਕਹਾਣੀਆਂ ਵਿਚ ਮਾਂ ਦਾ ਪਾਤਰ ਪੂਰੇ ਜਲੌਅ ਨਾਲ ਪੇਸ਼ ਹੋਇਆ ਹੈ। ਜਿਨ੍ਹਾਂ ਮਾਵਾਂ ਦੀ ਤਾਸੀਰ ਵਿਚੋਂ ਇਹ ਪਾਤਰ ਆਪਣਾ ਰੂਪ ਗ੍ਰਹਿਣ ਕਰਦਾ ਹੈ। ਉਹ ਅਨਪੜ੍ਹ ਪਰ ਜ਼ਿੰਦਗੀ ਦੀ ਡੂੰਘੀ ਸਮਝ ਰੱਖਣ ਵਾਲੀਆਂ ਔਰਤਾਂ ਹਨ। ਲੇਕਿਨ 'ਦੋ ਸਾਹਾਂ ਵਿਚਲਾ ਠਹਿਰਾਅ' ਅਤੇ 'ਡਾਰਕ-ਜ਼ੋਨ' ਕਹਾਣੀਆਂ ਵਿਚ ਇਕ ਪੜ੍ਹੀ-ਲਿਖੀ ਮਾਂ ਦਾ ਕਿਰਦਾਰ ਵੀ ਹੈ। ਖਿੱਤੀਆਂ ਘੁੰਮ ਰਹੀਆਂ ਨੇ ਅਤੇ ਸੁਰਜੀਤ ਕਤਲ-ਕਾਂਡ ਵਿਚ ਜਿਹੜਾ ਨੂੰਹਾਂ ਦਾ ਮਾਂ ਰੂਪੀ ਕਿਰਦਾਰ ਹੈ ਉਹ ਵੀ ਨਵੀਂ ਪੀੜ੍ਹੀ ਵਿਚੋਂ ਹੈ। ਜਦੋਂ ਮੈਂ ਨਵੀਂ ਪੀੜ੍ਹੀ ਵਿਚੋਂ ਕਿਸੇ ਪੜ੍ਹੀ-ਲਿਖੀ ਚੇਤਨ ਕੁੜੀ ਦੀ ਪਾਤਰ-ਉਸਾਰੀ ਕਰਦਾ ਹਾਂ। ਉਸ ਵਕਤ ਮੇਰੇ ਸਾਹਮਣੇ ਰਾਜੂ ਖੜ੍ਹੀ ਹੁੰਦੀ ਹੈ। ਉਹ ਪੜ੍ਹੀ-ਲਿਖੀ ਤੇ ਜ਼ਿੰਦਗੀ ਦੇ ਹਰ ਵਰਤਾਰੇ ਪ੍ਰਤੀ ਬੇਹੱਦ ਚੇਤੰਨ ਹੈ। ਆਪਣੀ ਹਮਸਫਰ ਹੋਣ ਦੇ ਨਾਤੇ ਇਕ ਪਤਨੀ ਤੋਂ ਇਲਾਵਾ ਮੈਂ ਉਹਦੇ 'ਮਾਂ-ਰੂਪ' ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ।
ਮਾਂ ਪਾਤਰ ਦੀਆਂ ਪਰਤਾਂ ਅਧੀਨ ਜੇਕਰ ਮੈਂ ਆਪਣੀ ਦਾਦੀ ਦੀ ਗੱਲ ਨਾ ਕਰੀ। ਗੱਲ ਅਧੂਰੀ ਰਹਿ ਜਾਣੀ ਹੈ। ਇਸ ਨੂੰ ਪੂਰਾ ਕਰਨ ਲਈ ਮੈਂ ਦੋ ਕਹਾਣੀਆਂ 'ਜਦੋਂ ਧਰਤੀ ਡੋਲਦੀ ਹੈ' ਅਤੇ 'ਚਾਦਰ' ਦੀ ਗੱਲ ਕਰਦਾ ਹਾਂ। ਇਨ੍ਹਾਂ ਕਹਾਣੀਆਂ ਵਿਚ 'ਮਾਂ ਦਾ ਮਾੜਾ ਕਿਰਦਾਰ' ਪੇਸ਼ ਹੋਇਆ ਹੈ। ਪਹਿਲੀ ਕਹਾਣੀ ਵਿਚ ਡੈਮਨ ਆਪਣੇ ਅੱਧ-ਵਾਟੇ ਰਹਿ ਗਏ ਇਸ਼ਕ ਵਿਚ ਅੰਨ੍ਹੀ ਹੋਈ ਪੁੱਤ ਤੇ ਪਤੀ ਨੂੰ ਜ਼ਹਿਰ ਦੇ ਕੇ ਨਵੇਂ ਪ੍ਰੇਮੀ ਜੱਜ਼ੀ ਨਾਲ ਦੌੜ ਜਾਂਦੀ ਹੈ। ਦੂਜੀ ਕਹਾਣੀ ਵਿਚ ਪਿੰਦਰ ਆਪਣੇ ਮਾਮੇ ਦੇ ਮੁੰਡੇ ਨਾਲ ਨਜ਼ਾਇਜ਼-ਸਬੰਧ ਬਣਾ ਰਿਸ਼ਤਿਆਂ ਦੀ ਚਾਦਰ ਦਾ ਘਾਤ ਕਰਦੀ ਹੈ। ਮੇਰੇ ਅਨੁਭਵ ਦੀਆਂ ਮਾਵਾਂ ਵਿਚੋਂ ਤਾਂ ਕੋਈ ਐਸੀ ਨਹੀਂ ! ਫਿਰ ਮਾਂ ਦਾ ਇਹ ਰੂਪ ਕਿੱਥੋਂ ਆ ਗਿਆ ? ਜਦੋਂ ਮੈਂ ਸੋਚਣਾ ਸ਼ੁਰੂ ਕੀਤਾ। ਮੇਰੀ ਸੁਰਤੀ ਦਾਦੀ ਉੱਪਰ ਜਾ ਟਿਕੀ। ਉਹਦੀ ਸਾਡੇ ਨਾਲ ਬਹੁਤ ਘੱਟ ਬਣੀ ਹੈ। ਉਹ ਹਮੇਸ਼ਾਂ ਹੀ ਘਰ ਤੋਂ ਆਕੀ ਰਹੀ। ਉਹਦੀ ਜੀਵਨ-ਕਥਾ ਦਿਲਾਂ ਤੇ ਘਰਾਂ ਨੂੰ ਦਹਿਲਾ ਦੇਣ ਵਾਲੀ ਹੈ। ਉਹ ਸਾਰੀ ਜ਼ਿੰਦਗੀ ਰਿਸ਼ਤਿਆਂ ਨੂੰ ਜੁੱਤੀ ਦੀ ਨੋਕ 'ਤੇ ਰੱਖ ਕੇ ਤੁਰੀ। ਮੇਰਾ ਉਸ ਨਾਲ ਬਹੁਤ ਘੱਟ ਵਾਹ ਪਿਆ। ਪਰ ਉਹਦਾ ਮਾੜਾ ਰੂਪ ਮੇਰੇ ਅੰਦਰ ਸ਼ਹਿ ਲਾ ਕੇ ਬੈਠਾ ਹੈ। ਇਸ ਲਈ ਜਦੋਂ ਮੈਂ ਡੈਮਨ ਤੇ ਪਿੰਦਰ ਵਰਗੀ ਮਾਂ ਦਾ ਪਾਤਰ ਸਿਰਜਦਾ ਹਾਂ। ਉਹਦੀ ਪਿੱਠ-ਭੂਮੀ ਵਿਚ ਕਿਤੇ ਮੇਰੀ ਦਾਦੀ ਦਾ ਖਲਨਾਇਕੀ ਰੂਪ ਖੜ੍ਹਾ ਹੁੰਦਾ ਹੈ। ਮੈਂ ਆਪਣੀਆਂ ਕਹਾਣੀਆਂ ਵਿਚ ਜਾਣ-ਬੁੱਝ ਕੇ ਮਾਂ ਦਾ ਪਾਤਰ ਨਹੀਂ ਪਾਉਂਦਾ। ਇਹ ਤਾਂ ਮੇਰੀ ਜ਼ਿੰਦਗੀ ਵਾਂਗ ਮੇਰੀ ਕਹਾਣੀ ਦਾ ਹਿੱਸਾ ਹੈ।
ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੀ ਕਹਾਣੀਕਾਰ ਬਣਾਂਗਾ! ਜਿਸ ਵਕਤ ਕਹਾਣੀ ਲਿਖਣੀ ਸ਼ੁਰੂ ਕੀਤੀ। ਮੈਨੂੰ ਸਾਰਾ ਆਲਾ-ਦੁਆਰਾ ਪਾਤਰਾਂ ਨਾਲ ਭਰਿਆ ਹੋਇਆ ਦਿਸਣ ਲੱਗਿਆ। ਜਿਨ੍ਹਾਂ ਲੋਕਾਂ ਵਿਚ ਅਸੀਂ ਹਰ ਰੋਜ਼ ਰਹਿੰਦੇ ਹਾਂ। ਕੰਮ ਕਰਦੇ, ਹੱਸਦੇ-ਖੇਡਦੇ, ਦੁੱਖ-ਸੁੱਖ ਕਰਦੇ ਤੇ ਜ਼ਿੰਦਗੀ ਦੀ ਹਰ ਪੱਧਰ 'ਤੇ ਵਿਚਰਦੇ ਹਾਂ। ਇਕ ਦਿਨ ਉਹੀ ਲੋਕਾਂ ਦਾ ਸਮੂਹ ਪਾਤਰਾਂ ਦਾ ਰੂਪ ਧਾਰ ਲੈਂਦਾ ਹੈ। ਕਈ ਵਾਰੀ ਉਹ ਲੋਕ ਵੀ ਪਾਤਰ ਬਣ ਜਾਂਦੇ ਹਨ। ਜਿਨ੍ਹਾਂ ਬਾਰੇ ਕਦੀ ਸੋਚਿਆ ਤੱਕ ਨਹੀਂ ਹੁੰਦਾ। ਮੈਂ ਇਸ ਦੀਆਂ ਕੁਝ ਉਦਾਹਰਨਾਂ ਦਿੰਨਾ। ਸਾਡੇ ਖੇਤਾਂ ਵੱਲ ਨੂੰ ਜਿਹੜਾ ਮੇਨ ਪਹਾ ਜਾਂਦਾ। ਉਹਦੇ ਇਕ ਪਾਸੇ ਘਰਾਂ ਦੀ ਲੰਬੀ ਕਤਾਰ ਹੈ। ਉਨ੍ਹਾਂ ਘਰਾਂ ਵਿਚ ਇਕ ਘਰ ਸ਼ੇਰੂ ਘੁਮਿਆਰ ਦਾ ਹੈ। ਖੇਤ ਨੂੰ ਆਉਣ-ਜਾਣ ਵਕਤ ਮੈਂ ਉਸ ਨੂੰ ਅਕਸਰ ਦੋ-ਚਾਰ ਕੰਮ ਕਰਦਿਆਂ ਵੇਖਦਾ। ਕਦੇ ਮੈਸ੍ਹਾਂ ਨੁਹਾ ਰਿਹਾ ਹੁੰਦਾ। ਕਦੇ ਵੱਟਾਂ ਤੋਂ ਕੱਖ ਖੋਤ ਰਿਹਾ ਹੁੰਦਾ। ਤੇ ਕਦੀ ਪ੍ਰਕਾਸ਼ ਕੇ ਖੱਤੇ ਵਿਚੋਂ ਚਰੀ੍ਹ-ਬਰਸੀਮ ਵੱਢ ਰਿਹਾ ਹੁੰਦਾ। ਕਈ ਵਾਰ ਉਹਨੇ ਇਕ ਸਕੀਮ ਵਰਤੀ ਹੁੰਦੀ। ਪਹੇ ਦੇ ਕਿਨਾਰੇ ਕੀਲਾ ਗੱਡ ਉਸ ਨਾਲ ਲੰਬਾ ਸਾਰਾ ਰੱਸਾ ਬੰਨ੍ਹ ਦਿੰਦਾ। ਉਸ ਰੱਸੇ ਨੂੰ ਘੋੜੇ ਦੇ ਗਲ ਵਿਚ ਪਾ ਕੇ ਉਸ ਨੂੰ ਦੂਰ ਤੱਕ ਚਰਨ ਜੋਗਾ ਕਰ ਦਿੰਦਾ। ਘੋੜਾ ਚਰਦਾ ਫਿਰੀਂ ਜਾਂਦਾ। ਸ਼ੇਰੂ ਆਪਣਾ ਹੋਰ ਕੰਮ ਕਰੀਂ ਜਾਂਦਾ। ਜਿਸ ਦਿਨ ਉਹ ਘੋੜੇ ਨੂੰ ਢਾਹ ਕੇ ਖੁਰੀਆਂ ਲਵਾ ਰਿਹਾ ਹੁੰਦਾ। ਮੈਂ ਉਸ ਨੂੰ ਧਿਆਨ ਨਾਲ ਵੇਖ ਕੇ ਲੰਘਦਾ। ਜਦੋਂ ਹੱਥ ਵਿਚ ਛਾਂਟਾ ਤੇ ਘੋੜੇ ਦੀ ਲਗਾਮ ਫੜੀਂ ਉਹ ਰੇਹੜੇ 'ਤੇ ਖੜ੍ਹਾ ਲਲਕਾਰੇ ਮਾਰਦਾ ਜਾਂਦਾ। ਮੇਰੇ ਦਿਲ ਵਿਚ ਲਹਿ ਜਾਂਦਾ। ਦਸ-ਪੰਦਰਾਂ ਸਾਲ ਮੈਂ ਉਹਦਾ ਇਹ ਰੂਪ ਵੇਖਦਾ ਰਿਹਾ। ਜਦੋਂ 'ਨਸਲਘਾਤ' ਕਹਾਣੀ ਲਿਖੀ। ਸ਼ੇਰੂ ਤੇ ਉਹਦਾ ਘੋੜਾ ਮੇਰਾ ਪਾਤਰ ਬਣ ਗਿਆ। ਕਹਾਣੀ ਵਿਚ ਸ਼ੇਰੂ ਰੇਹੜੇ ਅੱਗੇ ਜੁੜੇ ਘੋੜੇ ਨੂੰ ਛਾਂਟਿਆਂ ਨਾਲ ਕੁੱਟਦਾ ਜਾ ਰਿਹਾ ਹੈ। ਉਸ ਵੱਲ ਵੇਖ 'ਮੈਂ ਪਾਤਰ' ਕਹਿੰਦਾ ਹੈ ਕਿ ਛਾਂਟਾ ਘੋੜੇ ਦੀ ਨਹੀਂ ਯਾਨੀ ਮੇਰੀ ਪਿੱਠ 'ਤੇ ਵਰ ਰਿਹਾ ਸੀ। 'ਨਸਲਘਾਤ' ਕਹਾਣੀ ਵਿਚ ਸ਼ੇਰੂ ਦਾ ਘੋੜਾ ਇਕ ਸ਼ਾਨਦਾਰ ਪਾਤਰ ਤੇ ਪ੍ਰਤੀਕ ਬਣਕੇ ਪੇਸ਼ ਹੋਇਆ ਹੈ। ਇਸ ਕਹਾਣੀ ਦੇ ਮੁੱਖ ਪਾਤਰ ਦਾ ਨਾਂ ਬਲਕਾਰੀ ਹੈ। ਇਹ ਸਾਡੇ ਪਿੰਡ ਕਿਸੇ ਬਾਹਰੀ ਸਟੇਟ ਤੋਂ ਆ ਕੇ ਵਸੇ ਪਾਲੇ ਦਾ ਮੁੰਡਾ ਹੈ। ਜਦੋਂ ਮੈਂ ਸਕੂਲ ਪੜ੍ਹਦਾ ਸੀ। ਪਾਲਾ ਉਸ ਟਾਇਮ ਤੋਂ ਹੀ ਲੋਕਾਂ ਦੇ ਡੰਗਰਾਂ ਦਾ ਗੋਹਾ-ਕੂੜਾ ਸਿੱਟਦਾ ਤੇ ਨਾਲੀਆਂ ਸਾਫ ਕਰਦਾ ਆ ਰਿਹਾ ਹੈ। ਪਹਿਲਾਂ ਅਸੀਂ ਮੈਸ੍ਹਾਂ ਰੱਖੀਆਂ ਹੁੰਦੀਆਂ ਸਨ। ਪਾਲਾ ਗੋਹਾ-ਕੂੜਾ ਸਿੱਟਣ ਆਉਂਦਾ ਹੁੰਦਾ। ਉਹਦੀ ਘਰਆਲੀ ਰਾਮ ਪਿਆਰੀ ਨਾਲ ਬਲਕਾਰੀ ਵੀ ਆਉਂਦਾ ਹੁੰਦਾ। ਪਾਲਾ ਤੇ ਰਾਮ ਪਿਆਰੀ ਕੰਮ ਕਰੀਂ ਜਾਂਦੇ। ਬਲਕਾਰੀ ਖੇਡਦਾ ਫਿਰੀਂ ਜਾਂਦਾ। ਉਹਦੀ ਸ਼ਕਲ, ਨਾਮ ਤੇ ਜੁੱਸੇ ਵਿਚ ਕੋਈ ਖਿੱਚ ਸੀ। ਉਹ ਉਸ ਟਾਇਮ ਦਾ ਹੀ ਮੇਰੇ ਅੰਦਰ ਵੜਿਆ ਬੈਠਾ ਸੀ। ਕਿਰਤੀ ਵਰਗ ਵਿਚੋਂ ਉਨ੍ਹਾਂ ਦੀ ਹਾਲਤ ਸਭ ਤੋਂ ਮਾੜੀ ਸੀ। ਇਸ ਲਈ ਜਦੋਂ ਮੈਂ 'ਨਸਲਘਾਤ' ਕਹਾਣੀ ਦੇ ਮੁੱਖ ਪਾਤਰ ਬਾਰੇ ਸੋਚਣਾ ਸ਼ੁਰੂ ਕੀਤਾ। ਮੇਰੇ ਅੰਦਰ ਬੈਠਾ ਬਲਕਾਰੀ ਉੱਠ ਖੜ੍ਹਿਆ। ਭਾਵੇਂ ਉਹਨੇ ਲਿੰਗ ਕਟਵਾ ਕੇ ਹਿਜੜਿਆਂ ਵਿਚ ਰਲਣ ਵਰਗਾ ਕੁਝ ਨਹੀਂ ਕੀਤਾ। ਪਰ ਆਰਥਿਕ ਮੰਦਹਾਲੀ ਦੀ ਝੰਬੀ ਜ਼ਿੰਦਗੀ ਨੂੰ ਠੋਸ ਰੂਪ ਵਿਚ ਪੇਸ਼ ਕਰਨ ਲਈ ਮੈਨੂੰ ਸਭ ਤੋਂ ਢੁਕਵਾਂ ਪਾਤਰ ਬਲਕਾਰੀ ਲੱਗਾ ਸੀ। ਪਿਆਰੂ ਢੋਲ ਵਾਲਾ। ਇਹ ਵੀ 'ਨਸਲਘਾਤ' ਵਿਚ ਇਕ ਪਾਤਰ ਹੈ। ਜਦੋਂ ਮੈਂ ਸਕੂਲ ਪੜ੍ਹਦਾ ਸੀ। ਪਿਆਰੂ ਢੋਲ ਵਜਾਉਂਦਾ ਫਿਰਦਾ ਹੁੰਦਾ। ਕਦੇ ਬਸਤੀ ਵਿਚ। ਕਦੇ ਹਾਕੀ ਵਾਲੇ ਗਰਾਊਂਡ ਵਿਚ। ਤੇ ਕਦੀ ਸੜਕ ਕਿਨਾਰੇ ਖੜ੍ਹਾ ਢੋਲ ਵਜਾ ਰਿਹਾ ਹੁੰਦਾ। ਰਾਹੀ ਵੇਖ-ਵੇਖ ਲੰਘਦੇ। ਕੋਈ ਰੁਕ ਵੀ ਜਾਂਦਾ। ਮੈਂ ਉਸ ਨੂੰ ਜਿੱਥੇ ਵੀ ਵੇਖ ਲੈਂਦਾ। ਉੱਥੀ ਰੁਕ ਜਾਂਦਾ। ਕਿੰਨਾ-ਕਿੰਨਾ ਚਿਰ ਖੜ੍ਹਾ ਉਸ ਵੱਲ ਵੇਖਦਾ ਰਹਿੰਦਾ। ਲੋਕ ਕਹਿੰਦੇ ਉਹ ਪਹਿਲਾਂ ਸਿਰੇ ਦਾ ਢੋਲੀ ਹੁੰਦਾ ਸੀ। ਇਲਾਕੇ ਵਿਚ ਦੂਰ-ਦੂਰ ਤੱਕ ਉਹਦੀ ਚੜ੍ਹਾਈ ਹੁੰਦੀ। ਪਰ ਪਿੱਛੋਂ ਜਾ ਕੇ ਆਰਥਿਕ ਮੰਦਹਾਲੀ ਕਾਰਨ ਉਹਦਾ ਦਿਮਾਗ ਹਿੱਲ ਗਿਆ। ਹੱਥੀਂ ਢੋਲ ਵਜਾਉਣ ਵਾਲਾ ਫਨਕਾਰ ਲੋਕਾਂ ਲਈ ਤਮਾਸ਼ਾ ਬਣਕੇ ਰਹਿ ਗਿਆ। ਉਹਦੇ ਢੋਲ ਦੀ ਅਵਾਜ਼ ਮੇਰੇ ਅੰਦਰ ਲਹਿ ਗਈ ਸੀ। ਮੈਂ ਹੁਣ ਵੀ ਜਦੋਂ ਕਿਸੇ ਨੂੰ ਢੋਲ ਵਜਾਉਂਦਾ ਵੇਖਦਾ ਹਾਂ। ਮੈਨੂੰ ਪਿਆਰੂ ਯਾਦ ਆ ਜਾਂਦਾ। ਗੁੱਗਾ ਨੌਵੀਂ ਵਾਲੇ ਦਿਨਾਂ ਵਿਚ ਜਦੋਂ ਢੋਲ ਵਜਾਉਂਦੇ ਢੌਂਸੀ ਬੀਹੀਆਂ ਵਿਚ ਸੀਧਾ-ਪੱਤਾ ਮੰਗਦੇ ਫਿਰਦੇ ਨੇ। ਮੈਂ ਘਰੋਂ ਨਿੱਕਲ ਕੇ ਬਾਹਰ ਆ ਜਾਂਦਾ ਹਾਂ। ਉਨ੍ਹਾਂ ਨੂੰ ਖੜ੍ਹਾ ਲੈਨਾ। ਕਿੰਨਾ-ਕਿੰਨਾ ਚਿਰ ਢੋਲ ਵੱਜਦਾ ਸੁਣਦਾ ਹਾਂ। ਤੁਰਨ ਲੱਗੇ ਉਨ੍ਹਾਂ ਨੂੰ ਸੌ-ਪੰਜਾਹ ਦਾ ਨੋਟ ਫੜਾ ਦਿੰਨਾ। ਉਹ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਖੁਸ਼ੀ ਵੇਖ ਮੈਨੂੰ ਪਿਆਰੂ ਦਾ ਦੁੱਖ ਯਾਦ ਆ ਜਾਂਦਾ ਹੈ। ਉਹ ਮਰਨੀ ਮਰ ਗਿਆ। ਪਰ ਆਰਥਿਕ ਤੰਗੀ ਦਾ ਦੁੱਖ ਨਹੀਂ ਟੁੱਟਿਆ। ਪਿਆਰੂ ਦਾ ਕੀ। ਕਿਸੇ ਦਾ ਵੀ ਨਹੀਂ ਟੁੱਟਿਆ। ਬਲਕਾਰੀ ਹੁਣ ਵੀ ਪਿਤਾ-ਪੁਰਖੀ ਕਿੱਤਾ ਕਰਦਾ ਹੈ। ਸ਼ੇਰੂ ਅੱਜ ਵੀ ਰੇਹੜਾ ਵਾਹੁੰਦਾ ਹੈ। ਆਪਣੇ ਪਿੰਡ ਦੇ ਇਨ੍ਹਾਂ ਬੰਦਿਆਂ ਨੂੰ ਪਾਤਰ ਬਣਾ ਕੇ ਭਾਵੇਂ ਮੈਂ ਉਨ੍ਹਾਂ ਦੀ ਹੋਣੀ ਨਹੀਂ ਕੱਟ ਸਕਿਆ। ਪਰ ਉਨ੍ਹਾਂ ਦੀ ਹੋਣੀ ਨੂੰ ਚਿਤਰ ਕੇ ਕਿਸੇ ਭਾਵੀ ਅਨਹੋਣੀ ਦੇ ਖਿਲਾਫ ਅਵਾਜ਼ ਬੁਲੰਦ ਕਰਨ ਦਾ ਅਹਿਸਾਸ ਮੈਨੂੰ ਪਾਤਰਾਂ ਦੀ ਤਲਾਸ਼ ਵਿਚ ਤੋਰੀਂ ਰੱਖਦਾ ਹੈ।
ਜਿਸ ਵਕਤ ਮੇਰੇ ਦਿਮਾਗ ਵਿਚ 'ਸਿਖਰ ਦੁਪਹਿਰਾ' ਕਹਾਣੀ ਉੱਸਰ ਰਹੀ ਸੀ। ਉਸ ਵਕਤ ਪਹਿਲਾਂ ਤਾਂ ਮੇਰੇ ਦਿਮਾਗ ਵਿਚ ਛੋਟੀ ਕਿਸਾਨੀ ਦਾ ਸੰਕਟ ਸੀ। ਮੇਰੇ ਕੋਲ ਇਸ ਦਾ ਬੇਪਨਾਹ ਅਨੁਭਵ ਸੀ। ਮੇਰੇ ਦਿਮਾਗ ਵਿਚ ਸੀ ਕਿ ਮੈਂ ਅੰਨਦਾਤਾ ਤੋਂ ਖੁਦਕੁਸ਼ੀ ਤੱਕ ਪਹੁੰਚੀ ਕਿਸਾਨੀ ਦੀ ਕਹਾਣੀ ਲਿਖਾਂ। ਪਰ ਮੇਰੇ ਦਿਮਾਗ ਵਿਚ ਕੁੱਝ ਵੱਖਰਾ ਕਰਨ ਦੀ ਇੱਛਾ ਸੀ। ਇਸ ਲਈ ਮੈਂ ਕਿਸਾਨੀ-ਸੰਕਟ ਨੂੰ ਬਿਆਨ ਕਰਨ ਲਈ 'ਡਬਲ-ਫੋਕਸਿੰਗ' ਦੀ ਜੁਗਤ ਵਕਤੀ। ਇਹ ਕਹਾਣੀ ਦੋ ਭਾਗਾਂ ਵਿਚ ਲਿਖੀ। ਸਿਖਰ ਦੁਪਹਿਰਾ-1 ਮਰਦ ਪਾਤਰ ਦੇਬੀ ਉੱਪਰ ਫੋਕਸ ਹੈ। ਸਿਖਰ ਦੁਪਹਿਰਾ-2 ਪਾਤਰ ਰਾਜਵੀਰ ਉੱਪਰ ਫੋਕਸ ਹੈ। ਆਪਣੇ ਆਪ ਤੇ ਆਪਣੇ ਰਿਸ਼ਤੇ ਨੂੰ ਕੇਂਦਰ ਵਿਚ ਰੱਖ ਕੇ ਦੋਵੇਂ ਜਣੇ ਆਪੋ-ਆਪਣੇ ਨੁਕਤੇ ਤੋਂ ਕਹਾਣੀ ਬਿਆਨ ਕਰਦੇ ਹਨ। ਜਦੋਂ ਮੇਰੇ ਦਿਮਾਗ ਵਿਚ ਦੋਵਾਂ ਦੀ ਫਸਵੀਂ ਟੱਕਰ ਚੱਲ ਰਹੀ ਸੀ। ਠੀਕ ਉਹੀ ਸਮਾਂ ਸੀ ਜਦੋਂ ਤੀਜਾ ਤੇ ਫਿਰ ਚੌਥਾ ਪਾਤਰ ਵਿਚ ਆ ਵੜਿਆ। ਤੀਜਾ ਪਾਤਰ ਰਾਜਵੀਰ ਦਾ ਬੇਟਾ ਬੌਬੀ ਤੇ ਚੌਥਾ ਪਾਤਰ ਠੇਕੇਦਾਰ ਦੇਸਰਾਜ ਹੈ। ਬੌਬੀ ਪਬਲਿਕ ਸਕੂਲ ਵਿਚ ਪੜ੍ਹਦਾ ਬੱਚਾ ਹੈ। ਉਹਦਾ ਸੰਕਟ ਬਹੁਪਰਤੀ ਹੈ।ਪਹਿਲਾਂ ਉਹਦਾ ਬਾਪ ਰਛਪਾਲ ਖੁਦਕੁਸ਼ੀ ਕਰ ਗਿਆ। ਫਿਰ ਮਾਮਾ ਅਮਰਦੀਪ ਖੁਦਕੁਸ਼ੀ ਕਰ ਗਿਆ। ਚਾਚਾ ਖੁਦਕੁਸ਼ੀ ਕਰਨੀ ਚਾਹੁੰਦਾ। ਬੌਬੀ ਨਾ ਖੇਤੀ ਕਰਨੀ ਚਾਹੁੰਦਾ। ਨਾ ਪੜ੍ਹਨਾ ਚਾਹੁੰਦਾ। ਉਹ ਹੋਰ ਕੁੱਝ ਸੋਚਦਾ ਹੈ। ਉਸ ਅੱਗੇ ਪ੍ਰਵਾਸੀ ਮਜ਼ਦੂਰ ਤੋਂ ਠੇਕੇਦਾਰ ਬਣੇ ਦੇਸਰਾਜ ਦਾ ਮਾਡਲ ਹੈ। ਦੇਸਰਾਜ ਦਾ ਅਸਲੀ ਨਾ ਗੋਪਾਲ ਹੈ। ਬਿਹਾਰ ਤੋਂ ਆਇਆ ਹੋਇਆ ਪ੍ਰਵਾਸੀ ਭਈਆ। ਉਸ ਵਕਤ ਮੈਂ ਕਾਲਜ ਪੜ੍ਹਦਾ ਸੀ। ਜਦੋਂ ਉਹ ਸਾਡੇ ਨਾਲ ਸੀਰੀ ਰਲਿਆ। ਸਾਨੂੰ ਬੰਦੇ ਦੀ ਲੋੜ ਸੀ। ਕਿਸੇ ਨੇ ਦੱਸ ਪਾਈ। ਮੈਂ ਉਸ ਨੂੰ ਬਸੰਤ ਕੀ ਮੋਟਰ ਤੋਂ ਲੈ ਕੇ ਆਇਆ। ਕਾਲਾ ਰੰਗ। ਪੈਰੋਂ ਨੰਗਾ। ਤੇੜ ਨੀਕਰ। ਤੇ ਟੁੱਟੇ ਹੋਏ ਬਟਨਾਂ ਵਾਲੀ ਲਾਲ ਰੰਗ ਦੀ ਕਮੀਜ਼ ਪਾਈ ਹੋਈ। ਕੱਪੜਿਆਂ ਵਾਲਾ ਛੋਟਾ ਜਿਹਾ ਬੈਗ ਕੈਰੀਅਰ 'ਤੇ ਰੱਖ ਉਹ ਮੇਰੇ ਨਾਲ ਤੁਰ ਪਿਆ। ਉਸ ਨੂੰ ਸਾਇਕਲ ਨਹੀਂ ਚਲਾਉਣਾ ਆਉਂਦਾ ਸੀ।ਮੇਰੇ ਨਾਲ ਮੋਟਰ ਤੱਕ ਸਾਰੇ ਰਾਹ ਰੋੜ੍ਹ ਕੇ ਹੀ ਲਿਆਇਆ। ਸਾਡੀ ਮੋਟਰ 'ਤੇ ਆ ਕੇ ਉਹ ਐਸਾ ਟਿਕਿਆ। ਮੁੜ ਨਹੀਂ ਹਿੱਲਿਆ। ਪਹਿਲੇ ਭਈਏ ਸਾਲ-ਛੇ ਮਹੀਨੇ ਬਾਅਦ ਭੱਜ ਜਾਂਦੇ ਸਨ। ਪਰ ਗੋਪਾਲ ਭੱਜਣ ਨਹੀਂ ਕੁੱਝ ਸਿੱਖਣ ਆਇਆ ਸੀ। ਸਿੱਖ ਕੇ ਕੁੱਝ ਬਣਨ ਆਇਆ ਸੀ। ਉਹ ਸਾਡੇ ਨਾਲ ਅੱਠ-ਦਸ ਸਾਲ ਸੀਰੀ ਰਿਹਾ। ਉਹਦੇ ਕੰਮ ਵਿਚ ਬਰਕਤ ਸੀ। ਉਹ ਮਸ਼ੀਨ ਵਾਂਗ ਫਿਰਦਾ। ਉਹਦਾ ਹੱਥ ਬਿਜਲੀ ਦੀ ਗਤੀ ਨਾਲ ਚੱਲਦਾ। ਮੋਟਰ ਚਲਾਉਣੀ। ਇੰਜਣ ਚਲਾਉਣਾ। ਸਾਇਕਲ। ਮੈਸ੍ਹਾਂ ਦਾ ਕੱਖ-ਕੰਡਾ ਕਰਨਾ। ਉਨ੍ਹਾਂ ਨੂੰ ਖੋਲ੍ਹਣਾ-ਬੰਨਣਾਂ। ਫਸਲ-ਬਾੜੀ ਦਾ ਕੰਮ ਕਰਨਾ। ਮੈਂ ਉਸ ਨਾਲ ਸਾਰਾ ਕੰਮ ਕਰਵਾਉਂਦਾ। ਉਹ ਹਰ ਕੰਮ ਸਿੱਖ ਗਿਆ। ਉਹਨੇ ਮੋਟਰ ਵਾਲੇ ਕੋਠੇ ਵਿਚ ਇਕ ਕਾਪੀ-ਪੈਨਸਲ ਲਿਆ ਕੇ ਰੱਖੀ ਹੋਈ ਸੀ। ਵਿਹਲੇ ਸਮੇਂ ਵਿਚ ਉਹ ਮੈਥੋਂ ਪੜ੍ਹਨਾ-ਲਿਖਣਾ ਸਿੱਖਦਾ। ਮੇਰੇ ਵੇਖਦੇ ਹੀ ਵੇਖਦੇ ਉਹ ਵੱਡਾ ਹੋ ਗਿਆ। ਜਦੋਂ ਬਸੰਤ ਕੀ ਮੋਟਰ ਤੋਂ ਆਇਆ। ਤੇਰਾ-ਚੌਦਾਂ ਕੁ ਸਾਲ ਦਾ ਬੱਚਾ ਸੀ। ਜਿਸ ਸਾਲ ਅਸੀਂ ਖੇਤੀ ਛੱਡੀ। ਗੋਪਾਲ ਨੂੰ ਉਸ ਤੋਂ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਕਿ ਖੇਤੀ ਹੁਣ ਘਾਟੇ ਦਾ ਸੌਦਾ ਹੈ। ਇਸ ਲਈ ਉਹ ਪਹਿਲਾਂ ਹੀ ਸੀਰ ਛੱਡ ਗਿਆ। ਉਹਦਾ ਇਕ ਭਾਈ ਸੀ ਜੋਗਿੰਦਰ। ਉਹ ਉਸ ਨਾਲ ਰਲ ਪਾਪੜ ਬਣਾ ਕੇ ਵੇਚਣ ਲੱਗ ਪਿਆ। ਫਿਰ ਦਿਹਾੜੀ ਕਰਨ ਲੱਗ ਪਿਆ। ਤੇ ਫਿਰ ਅਜਾਇਬ ਮਿਸਤਰੀ ਤੋਂ ਬਾਅਦ ਲਾਂਗੜੀਆਂ ਵਾਲੇ ਸੁਖਵੀਰ ਨਾਲ ਰਲ ਗਿਆ। ਇਕ ਪੜਾਅ ਐਸਾ ਆਇਆ। ਉਹ ਰਾਜ ਮਿਸਤਰੀ ਦਾ ਕੰਮ ਸਿੱਖਣ ਲੱਗ ਪਿਆ। ਜਿਸ ਦਿਨ ਪੂਰਾ ਸਿੱਖ ਗਿਆ। ਉਹ ਵੱਖ ਹੋ ਇਕੱਲਾ ਕੰਮ ਕਰਨ ਲੱਗ ਪਿਆ। ਉਹਦੇ ਕੰਮ ਵਿਚ ਕਮਾਲ ਦੀ ਤੇਜੀ ਔਰ ਸਫਾਈ ਸੀ। ਚਾਰੇ ਪਾਸੇ ਗੋਪਾਲ-ਗੋਪਾਲ ਹੋਣ ਲੱਗੀ। ਉਹ ਕੋਠੀਆਂ ਦੇ ਠੇਕੇ ਲੈਣ ਲੱਗ ਪਿਆ। ਤੇ ਫਿਰ ਪੂਰੇ ਇਲਾਕੇ ਵਿਚ ਗੋਪਾਲ ਠੇਕੇਦਾਰ ਬਣਕੇ ਛਾ ਗਿਆ। ਉਹਦੇ ਵਿਕਾਸ ਦੀ ਕਹਾਣੀ ਮੇਰੇ ਸਾਹਮਣੇ ਵਾਪਰੀ ਸੀ। ਉਹ ਜਿਨ੍ਹਾਂ ਲੋਕਾਂ ਨਾਲ ਸੀਰੀ ਰਲ਼ਿਆ। ਜਿਨ੍ਹਾਂ ਦੇ ਦਿਹਾੜੀ ਗਿਆ। ਉਹ ਅੱਜ ਵੀ ਉੱਥੀ ਖੜ੍ਹੇ ਸਨ। ਇਕ ਹੀ ਖੇਤ ਵਿਚ ਕੰਮ ਕਰਨ ਵਾਲੀਆਂ ਦੋ ਧਿਰਾਂ ਦੀ ਸੋਚ, ਵਿਚਾਰ ਅਤੇ ਜ਼ਿੰਦਗੀ ਪ੍ਰਤੀ ਪਹੁੰਚ ਵਿਚ ਜਿਹੜਾ ਫਰਕ ਸੀ। ਉਸ ਫਰਕ ਨੂੰ ਸਮਝਾਉਣ ਲਈ ਗੋਪਾਲ ਮੇਰੇ ਦਿਮਾਗ ਵਿਚ ਇਕ ਸ਼ਕਤੀਸ਼ਾਲੀ ਪਾਤਰ ਬਣਕੇ ਉਭਰਿਆ। ਮੈਂ ਉਹਦਾ ਨਾਂ ਬਦਲ ਕੇ ਦੇਸਰਾਜ ਰੱਖ ਦਿੱਤਾ। ਪਰ ਲੋਕਾਂ ਨੇ ਫਿਰ ਵੀ ਪਛਾਣ ਲਿਆ। ਪਿੰਡ ਔਰ ਇਲਾਕੇ ਵਿਚ ਜਿਸ ਨੇ ਵੀ 'ਸਿਖਰ ਦੁਪਹਿਰਾ' ਕਹਾਣੀ ਪੜ੍ਹੀ। ਉਹੀ ਮੈਨੂੰ ਆਖਦਾ, ''ਇਹ ਦੇਸਰਾਜ ਉਹੀ ਭਈਆ, ਜਿਹੜਾ ਥੋਡੇ ਨਾਲ ਸੀਰੀ ਹੁੰਦਾ ਤੀ ?'' ਗੋਪਾਲ ਦੀ ਤਰੱਕੀ ਵੱਲ ਵੇਖ ਮੈਂ ਫਖਰ ਨਾਲ 'ਹਾਂ' ਆਖ ਦਿੰਦਾ। ਪਰ ਗੌਰਤਲਬ ਨੁਕਤਾ ਇਹ ਹੈ ਕਿ ਮੇਰੀ ਕਹਾਣੀ ਵਿਚ ਪੇਸ਼ ਹੋਇਆ ਦੇਸਰਾਜ ਸਾਰੇ ਦਾ ਸਾਰਾ ਗੋਪਾਲ ਨਹੀਂ। ਉਹਦੀ ਪ੍ਰਮਾਣਿਕ ਪਾਤਰ ਉਸਾਰੀ ਲਈ ਉਸ ਵਿਚ ਹੋਰ ਭਈਆਂ ਦਾ ਰਲ੍ਹਾ ਵੀ ਹੈ। ਉਹ ਰਲ਼ਾ ਕਿੱਥੇ-ਕਿੱਥੇ ਹੈ। ਇਹ ਸਿਰਫ ਮੈਂ ਜਾਂ ਗੋਪਾਲ ਜਾਣਦਾ ਹੈ। ਲੇਕਿਨ ਇਹ ਗੱਲ ਕੋਈ ਨਹੀਂ ਜਾਣਦਾ ਕਿ ਪਾਤਰਾਂ ਸਬੰਧੀ ਇਹ ਆਰਟੀਕਲ ਲਿਖਣ ਵਾਲੇ ਦਿਨਾਂ ਵਿਚ ਗੋਪਾਲ ਠੇਕੇ 'ਤੇ ਸਾਡਾ ਘਰ ਪਾ ਰਿਹਾ ਹੈ। ਮੈਂ ਧਰਤੀ 'ਤੇ ਆਪਣੀ ਕਹਾਣੀ ਦੇ ਪਾਤਰ ਦਾ ਸੱਚ ਉੱਸਰਦਾ ਵੇਖ ਰਿਹਾ ਹਾਂ।
ਪਾਤਰ-ਉਸਾਰੀ ਦੇ ਸੰਦਰਭ ਵਿਚ ਮੈਨੂੰ ਇਕ ਪਾਤਰ 'ਆੜ੍ਹਤੀਆ' ਵੀ ਹਾਂਟ ਕਰਦਾ ਹੈ। ਸਿਖਰ ਦੁਪਹਿਰਾ, ਮੈਂ ਧਰਮ ਸੰਕਟ ਵਿਚ ਹਾਂ, ਦੌੜ ਸ਼ੁਰੂ ਹੈ ਤੇ ਜ਼ਰਾ ਬਚਕੇ ਮੋੜ ਤੋਂ। ਇਨ੍ਹਾਂ ਕਹਾਣੀਆਂ ਵਿਚ 'ਆੜ੍ਹਤੀਆ' ਛੋਟੀ-ਕਿਸਾਨੀ ਦੇ ਸੰਕਟ ਨੂੰ ਗਹਿਰਾ ਕਰਨ ਵਾਲੀ ਧਿਰ ਹੈ। ਹਰ ਕਹਾਣੀ ਵਿਚ ਇਸ ਧਿਰ ਦਾ ਵੱਖਰਾ ਨਾਂ ਹੈ। ਪਰ ਅਸਲ ਜ਼ਿੰਦਗੀ ਵਿਚ ਜਿਸ ਬੰਦੇ ਨੂੰ ਵੇਖਕੇ ਮੇਰੇ ਜ਼ਿਹਨ ਵਿਚ ਇਹ ਪਾਤਰ ਉੱਸਰਿਆ। ਉਹ ਬੰਦਾ ਮੇਰਾ ਤਾਇਆ ਜਰਨੈਲ ਸਿੰਘ ਹੈ। ਅਸੀਂ ਘਰਾਂ ਵਿਚੋਂ ਸਕੇ ਹਾਂ। ਉਨ੍ਹਾਂ ਦੀ ਸਾਡੇ ਨਾਲ ਬੜੀ ਗੂੜ੍ਹੀ ਸਾਂਝ ਹੈ। ਕਿਸੇ ਵੀ ਸੰਕਟ ਦੀ ਖੜੀ ਉਨ੍ਹਾਂ ਦਾ ਪਰਿਵਾਰ ਸਾਡੀ ਧਿਰ ਬਣਕੇ ਖੜ੍ਹਦਾ ਹੈ। ਉਸ ਧਿਰ ਦਾ ਮੁੱਖੀ ਜਰਨੈਲ ਤਾਇਆ ਹੈ।ਪਿੰਡ ਔਰ ਇਲਾਕੇ ਦਾ ਕਰੋੜਪਤੀ ਆੜ੍ਹਤੀਆ। ਸੱਤਰ ਸਾਲ ਦੀ ਉਮਰ ਵਿਚ ਵੀ ਉਹ ਮੁੰਡਿਆਂ ਨਾਲੋਂ ਵੱਧ ਮਿਹਨਤੀ, ਹਿੰਮਤੀ, ਕਾਮਾ ਤੇ ਦੂਰਦਰਸ਼ੀ ਹੈ। ਜਦੋਂ ਸਾਰੇ ਸੁੱਤੇ ਪਏ ਹੁੰਦੇ ਨੇ। ਉਹ ਸੀਰੀ ਨਾਲ ਖੇਤਾਂ ਦੀਆਂ ਵੱਟਾਂ 'ਤੇ ਨੱਕੇ ਲਵਾਉਂਦਾ ਫਿਰ ਰਿਹਾ ਹੁੰਦਾ। ਦਿਨ 'ਚ ਮੰਡੀ ਵਿਚ ਆੜ੍ਹਤ ਦੀ ਦੁਕਾਨ 'ਤੇ ਬੈਠਾ ਹੁੰਦਾ। ਦੇਰ ਰਾਤ ਤੱਕ ਸ਼ੈਲਰ ਦਾ ਕੰਮ ਸੰਭਾਲਦਾ ਹੈ। ਉਸ ਬੰਦੇ ਦਾ ਸਿਰੜ ਤੇ ਸਮਰੱਥਾ ਵੇਖ ਮੈਂ ਹੈਰਾਨ ਰਹਿ ਜਾਂਦਾ ਹਾਂ। ਭਾਵੇਂ ਉਹਦੀ ਅਮੀਰੀ ਤੇ ਚੜ੍ਹਤ ਪਿੱਛੇ ਉਸ ਦੀ ਸਖਤ ਮਿਹਨਤ ਤੇ ਲਾਜਵਾਬ ਦਿਮਾਗ ਕੰਮ ਕਰਦਾ ਹੈ। ਪਰ ਕਿਸੇ ਪਿਛਲੀ ਪੀੜ੍ਹੀ ਵਿਚ ਰਹਿ ਗਿਆ ਫਰਕ ਮੈਨੂੰ ਤੰਗ ਕਰਦਾ ਹੈ। ਕਿਉਂਕਿ ਮੈਂ ਛੋਟੀ ਕਿਸਾਨੀ ਵਿਚੋਂ ਹਾਂ। ਇਸ ਲਈ ਜਦੋਂ ਕੋਈ ਕਰਜ਼ਈ ਕਿਸਾਨ ਖੁਦਕੁਸ਼ੀ ਕਰਦਾ ਹੈ। ਮੈਨੂੰ ਉਸਦੇ ਵੱਖ-ਵੱਖ ਕਾਰਨਾਂ ਵਿਚੋਂ ਇਕ ਕਾਰਨ 'ਆੜ੍ਹਤੀਆ ਵਰਗ' ਵੀ ਲੱਗਦਾ ਹੈ। ਲੋਕਾਂ ਤੋਂ, ਅਖਬਾਰਾਂ ਤੋਂ ਤੇ ਹੋਰ ਸਾਧਨਾਂ ਰਾਹੀਂ। ਮੈਨੂੰ ਅੱਜ ਤੱਕ ਜਿਹੜੀ ਵੀ ਜਾਣਕਾਰੀ ਮਿਲੀ ਹੈ। ਮੈਂ ਉਸ ਸਮੂਹਿਕ ਜਾਣਕਾਰੀ ਨੂੰ ਜਰਨੈਲ ਤਾਏ ਵਿਚ ਰਲ਼ਾ ਕੇ ਇਕ 'ਪ੍ਰਤੀਨਿੱਧ ਆੜ੍ਹਤੀਆ ਪਾਤਰ' ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਇਹ ਕੋਸ਼ਿਸ਼ ਯਥਾਰਥ ਔਰ ਗਲਪ ਵਿਚਲਾ ਫਰਕ ਵੀ ਵਿਖਾਉਂਦੀ ਹੈ।
ਪਾਤਰਾਂ ਸਬੰਧੀ ਵੇਖਣ ਵਾਲੀ ਇਕ ਗੱਲ ਇਹ ਹੈ ਕਿ ਇਨ੍ਹਾਂ ਵਿਚ ਬੱਚੇ ਕਿੱਥੇ ਹਨ ! ਅਸਲ ਜ਼ਿੰਦਗੀ ਵਾਂਗ ਨਵੀਂ ਪੰਜਾਬੀ ਕਹਾਣੀ ਵਿਚ ਬੱਚੇ ਹਾਸ਼ੀਏ 'ਤੇ ਹਨ। ਮੀਡੀਆ ਤੇ ਅਖਬਾਰਾਂ ਵਿਚ ਨਿੱਤ ਦਿਨ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ, ਕੁੱਖਾਂ ਵਿਚ ਕਤਲ ਕਰਨ ਤੇ ਜ਼ਬਰ-ਜਿਨਾਹ ਦੀਆਂ ਖਬਰਾਂ ਇਸ ਦਾ ਠੋਸ ਪ੍ਰਮਾਣ ਹਨ। ਉਂਝ ਤਾਂ ਮੈਂ ਵੀ ਮੁੱਖ ਪਾਤਰ ਵਜੋਂ ਕਿਸੇ ਬੱਚੇ ਦਾ ਪਾਤਰ ਨਹੀਂ ਸਿਰਜ ਸਕਿਆ। ਪਰ ਮੇਰੀਆਂ ਕੁਝ ਕਹਾਣੀਆਂ ਵਿਚ ਬੱਚੇ ਗੌਲਣਯੋਗ ਪਾਤਰ ਜਰੂਰ ਹਨ। ਜਿਵੇਂ 'ਜਦੋਂ ਧਰਤੀ ਡੋਲਦੀ ਹੈ' ਕਹਾਣੀ ਵਿਚਲਾ ਬੱਚਾ ਲੱਕੀ ਅੰਤ 'ਤੇ ਆਪਣੇ ਪ੍ਰੇਮੀ ਨਾਲ ਭੱਜੀ ਜਾ ਰਹੀ ਮਾਂ ਨੂੰ ਐਸਾ ਸਵਾਲ ਕਰਦਾ ਹੈ ਕਿ ਮਾਂ ਦੇ ਪੈਰਾਂ ਹੇਠਲੀ ਧਰਤੀ ਡੋਲਣ ਲੱਗ ਪੈਂਦੀ ਹੈ। 'ਸਿਖਰ ਦੁਪਹਿਰਾ' ਕਹਾਣੀ ਵਿਚ ਬੌਬੀ ਨਾਂ ਦਾ ਬੱਚਾ ਘਰ ਦੀ ਲੜਾਈ ਤੇ ਪਬਲਿਕ ਸਕੂਲ ਦੇ ਭਾਰ ਤੋਂ ਤੰਗ ਹੈ। ਅੰਤ ਵਿਚ ਉਹ ਆਪਣੀ ਮਾਂ ਨੂੰ ਐਸਾ ਜਵਾਬ ਦਿੰਦਾ ਕਿ ਉਹ ਲਾਜਵਾਬ ਹੋ ਜਾਂਦੀ ਹੈ। ਬੱਚੇ ਦਾ ਜਵਾਬ ਉਹਦੇ ਦਿਮਾਗ ਨੂੰ ਕਈ ਟੋਟਿਆਂ ਵਿਚ ਵੰਡ ਦਿੰਦਾ ਹੈ। 'ਮੈਂ ਧਰਮ ਸੰਕਟ ਵਿਚ ਹਾਂ' ਕਹਾਣੀ ਵਿਚ ਡਿੰਪੀ ਨਾਂ ਦੀ ਬੱਚੀ ਦਾ ਜ਼ਿਕਰ ਸੰਕਟ ਨੂੰ ਹੋਰ ਗਹਿਰਾ ਕਰ ਦਿੰਦਾ ਹੈ। ਤੇ ਜਦੋਂ 'ਮੋਏ ਰਿਸ਼ਤਿਆਂ ਦੀ ਕਥਾ' ਕਹਾਣੀ ਦੇ ਅਖੀਰ ਵਿਚ ਰਿਸ਼ਤਿਆਂ ਲਈ ਬੱਚੇ ਨੂੰ ਖਰੀਦਣ-ਵੇਚਣ ਦਾ ਮਸਲਾ ਸਿਖਰ 'ਤੇ ਪਹੁੰਚਦਾ ਹੈ। ਬੱਚੇ ਨੂੰ ਗੋਦੀ ਚੁੱਕੀਂ ਖੜ੍ਹਾ, 'ਮੈਂ ਪਾਤਰ' ਪੂਰਬ ਦੀ ਗੁੱਠ ਵੱਲ ਨੂੰ ਮੂੰਹ ਘੁੰਮਾ ਲੈਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ? ਕਿਉਂਕਿ ਸਾਡੇ ਅੰਦਰਲਾ ਬੱਚਾ ਗੁਆਚ ਗਿਆ ਹੈ। ਮੈਂ ਜਦੋਂ ਵੀ ਕਿਸੇ ਬੱਚੇ ਵੱਲ ਵੇਖਦਾ ਹਾਂ। ਮੇਰੇ ਅੰਦਰਲਾ ਬੱਚਾ ਜਾਗ ਉੱਠਦਾ ਹੈ। ਮੈਂ ਸਾਹਮਣੇ ਦਿਸਦੇ ਬੱਚੇ ਨਾਲ ਇਕ-ਮਿਕ ਹੋ ਜਾਂਦਾ ਹਾਂ। ਉਹਦੀ ਕੋਈ ਨਾ ਕੋਈ ਗੱਲ, ਕੋਈ ਹਰਕਤ ਮੇਰੇ ਅੰਦਰ ਲਹਿ ਜਾਂਦੀ ਹੈ। ਕਹਾਣੀ ਲਿਖਣ ਵਕਤ ਜਦੋਂ ਮੈਂ ਬੱਚੇ ਦਾ ਪਾਤਰ ਸਿਰਜਦਾ ਹਾਂ। ਮੇਰੇ ਅੰਦਰ ਸ਼ਹਿ ਲਾ ਕੇ ਬੈਠੇ ਬੱਚਿਆਂ ਵਿਚੋਂ ਕੋਈ ਬੱਚਾ ਉੱਠਦਾ ਹੈ।ਤੇ ਮੇਰੀ ਕਹਾਣੀ ਦਾ ਪਾਤਰ ਬਣ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ 'ਦੋ ਸਾਹਾਂ ਵਿਚਲਾ ਠਹਿਰਾਅ' ਵਰਗੀ ਅੱਤ ਦੀ ਫਿਲਾਸਫੀਕਲ ਤੇ ਰਹੱਸਮਈ ਕਹਾਣੀ ਵਿਚ ਮੈਂ ਸੂਰਜ ਦੇਵ, ਤ੍ਰਿਕਾਲ ਦੇਵ ਤੇ ਸੰਦਲਾ ਦੇਵੀ ਦੇ ਬਾਲ ਰੂਪ ਨੂੰ ਵੀ ਐਨੀ ਬਾਰੀਕੀ ਨਾਲ ਚਿਤਰ ਸਕਿਆ ਹਾਂ। ਔਰ 'ਸੁਰਜੀਤ ਕਤਲ-ਕਾਂਡ' ਕਹਾਣੀ ਵਿਚ ਜਦੋਂ ਸਦੀਆਂ ਪੁਰਾਣੀ ਮਾਨਵੀ ਤੇ ਰਬਾਬੀ ਸੁਰ ਦਾ ਸੰਗੀਤ ਅਖੀਰ ਵਿਚ 'ਮੈਂ ਪਾਤਰ' ਦੇ ਬੇਟੇ ਅਨਹਦ ਦੀ ਰੂਹ ਵਿਚ ਪ੍ਰਵੇਸ਼ ਕਰਦਾ ਹੈ। ਉੱਥੇ ਬੱਚੇ ਅੰਦਰ ਵਸਦੀ ਕੁਦਰਤ ਤੇ ਕਾਦਰ ਦਾ ਜਲਵਾ ਸਿਰ ਚੜ੍ਹ ਬੋਲਦਾ ਹੈ। ਬੱਚਾ ਵੱਡਿਆਂ ਤੋਂ ਵੀ ਵੱਡੀ ਤਾਕਤ ਰੱਖਦਾ ਹੈ। ਇਹ ਗੱਲ ਸਿੱਧ ਹੋ ਜਾਂਦੀ ਹੈ। ਐਪਰ ਮੈਂ ਇਹ ਸਿੱਧ ਨਹੀਂ ਕਰ ਸਕਦਾ ਕਿ ਮੇਰੀ ਕਿਹੜੀ ਕਹਾਣੀ ਵਿਚ ਕਿਹੜਾ ਬੱਚਾ ਪਾਤਰ ਦੇ ਤੌਰ 'ਤੇ ਦਰਜ਼ ਹੈ। ਬੱਸ ਮੇਰੀਆਂ ਕਹਾਣੀਆਂ ਵਿਚ ਬੱਚੇ ਹਾਜ਼ਰ ਹਨ। ਇਹ ਗੱਲ ਮੈਨੂੰ ਇਕ ਐਸਾ ਖੁਸ਼ੀ ਭਰਿਆ ਅਹਿਸਾਸ ਬਖਸ਼ਦੀ ਹੈ, ਜਿਸ ਵਿਚੋਂ ਕਿਸੇ ਦਿਨ ਇਕ ਬੱਚੇ ਨੇ ਮੁੱਖ ਪਾਤਰ ਦੇ ਤੌਰ 'ਤੇ ਜਨਮ ਲੈਣਾ ਹੈ।
ਜਿਸ ਮਿੱਟੀ ਵਿਚ ਮੇਰਾ ਜਨਮ ਹੋਇਆ। ਜਿਸ ਪਿੰਡ ਨੇ ਮੈਨੂੰ ਸਾਂਭਿਆ। ਤੇ ਜਿਹੜੀਆਂ ਬੀਹੀਆਂ ਵਿਚ ਖੇਡ ਕੇ ਮੈਂ ਜਵਾਨ ਹੋਇਆ। ਇਹ ਸਾਰੀਆਂ ਚੀਜ਼ਾਂ ਮੇਰੇ ਅੰਦਰ ਉੱਸਰੀਆਂ ਹੋਈਆਂ ਹਨ। ਇਨ੍ਹਾਂ ਚੀਜ਼ਾਂ ਵਿਚ ਹੋਰ ਵੀ ਬਹੁਤ ਸਾਰੀਆਂ ਸ਼ੈਆਂ ਹਨ। ਜਦੋਂ ਮੈਂ ਇਕ-ਇਕ ਸ਼ੈਅ ਉੱਪਰ ਨਜ਼ਰ ਮਾਰਦਾ ਹਾਂ। ਮੈਨੂੰ ਅਮਰਗੜ੍ਹ ਤੋਂ ਬਾਅਦ ਨਸਰਾਲੀ ਨਜ਼ਰ ਆਉਂਦੀ ਹੈ। ਜਦੋਂ ਮੇਰਾ ਬਾਜ਼ੀ ਫੌਜ ਵਿਚ ਸੀ। ਉਦੋਂ ਮੈਂ ਮਾਂ ਨਾਲ ਪਠਾਣਕੋਟ ਤੇ ਦੇਹਰਾਦੂਨ ਰਿਹਾ ਹਾਂ। ਦਸ ਸਾਲਾਂ ਤੋਂ ਬਨਭੌਰੇ ਪਿੰਡ ਵਿਚ ਅਧਿਆਪਕ ਹਾਂ। ਇਸ ਤੋਂ ਇਲਾਵਾ ਹੋਰ ਜਿੱਥੇ-ਜਿੱਥੇ ਵੀ ਘੁੰਮਿਆ-ਫਿਰਿਆ ਤੇ ਰਿਹਾ ਹਾਂ। ਉੱਥੇ ਦਾ ਇਕ-ਇਕ ਕਤਰਾ ਮੇਰੀ ਸਿਮਰਤੀ ਦਾ ਹਿੱਸਾ ਹੈ। ਮੈਂ ਇਹ ਹਿੱਸਾ ਥੋੜਾ-ਥੋੜਾ ਹਰ ਕਹਾਣੀ ਵਿਚ ਵਰਤਦਾ ਹਾਂ। ਮੇਰੀ ਨਜ਼ਰ ਵਿਚ ਉਹ ਸਾਰੀਆਂ ਰਾਹਵਾਂ, ਥਾਵਾਂ, ਸੜਕਾਂ, ਘਰ, ਮੁਹੱਲੇ, ਮੰਦਰ, ਮਸਜਿਦ, ਗੁਰਦਵਾਰੇ, ਸ਼ਮਸ਼ਾਨਘਾਟ ਤੇ ਰੁੱਖ-ਮਨੁੱਖ ਪਾਤਰ ਹਨ, ਜਿਨ੍ਹਾਂ ਦੀ ਮੇਰੀ ਕਹਾਣੀ ਵਿਚ ਅਰਥਮਈ ਹਾਜ਼ਰੀ ਲੱਗਦੀ ਹੈ। ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਮੈਂ ਕੁਝ ਕਹਾਣੀਆਂ ਦੀ ਉਦਾਹਰਨ ਦਿੰਦਾ ਹਾਂ। ਮੇਰੀ ਇਕ ਕਹਾਣੀ ਹੈ 'ਨਸਲਘਾਤ'। ਉਸ ਦੀਆਂ ਪਹਿਲੀਆਂ ਦੋ ਸਤਰਾਂ ਹਨ :- ਮੈਂ ਪਿਛਾਹ ਨੂੰ ਝਾਕਿਆ। ਬਸ-ਅੱਡੇ ਵਾਲੇ ਪਿੱਪਲ ਹੇਠਾਂ ਖੜ੍ਹਾ ਤੋਤੀ ਬਾਬਾ ਅਜੇ ਵੀ ਮੈਨੂੰ ਤਾੜ ਰਿਹਾ ਸੀ।'' ਇਨ੍ਹਾਂ ਸਤਰਾਂ ਵਿਚ ਆਇਆ 'ਪਿੱਪਲ' ਬਚਪਨ ਤੋਂ ਹੀ ਮੈਨੂੰ ਬਹੁਤ ਵੱਡੇ ਮਨੁੱਖ ਵਾਂਗ ਲੱਗਦਾ ਹੈ। ਮੇਰੀ ਨਜ਼ਰ ਵਿਚ ਉਹ ਰੁੱਖ ਨਹੀਂ। ਸਾਡੇ ਪਿੰਡ ਦਾ ਸਭ ਤੋਂ ਪੁਰਾਣਾ ਤੇ ਸਿਆਣਾ ਮਨੁੱਖ ਹੈ। 'ਮੈਂ ਧਰਮ ਸੰਕਟ ਵਿਚ ਹਾਂ' ਕਹਾਣੀ ਦਾ 'ਮੈਂ ਪਾਤਰ' ਸਾਰੀ ਰਾਤ ਸੜਕਾਂ 'ਤੇ ਤੁਰਦਾ-ਫਿਰਦਾ ਦਿਖਾਈ ਦਿੰਦਾ। ਉਹ ਪਾਤਰ ਮੈਂ ਖੁਦ ਹਾਂ। ਸਕੂਲ ਟਾਇਮ ਤੋਂ ਹੀ ਮੈਨੂੰ ਸਵੇਰੇ-ਸ਼ਾਮ ਲੰਬੀ ਸੈਰ ਕਰਨ ਦੀ ਆਦਤ ਹੈ। ਵੀਹ-ਪੱਚੀ ਸਾਲ ਤੋਂ ਇਹ ਸੜਕਾਂ ਮੇਰੀਆਂ ਸਾਥੀ ਹਨ। ਸੜਕਾਂ ਕਿਨਾਰੇ ਖੜ੍ਹੇ ਰੁੱਖ। ਦੂਰ-ਦੂਰ ਤੱਕ ਦਿਸਦੇ ਖੁੱਲ੍ਹੇ ਖੇਤ। ਜਦੋਂ ਮੈਂ ਤੁਰਦਾ ਹਾਂ। ਆਲਾ-ਦੁਆਲਾ ਮੇਰੇ ਨਾਲ ਗੱਲਾਂ ਕਰਦਾ ਹੈ। ਇਹੀ ਕਾਰਨ ਹੈ ਕਿ ਮੈਂ ਇਨ੍ਹਾਂ ਚੀਜ਼ਾਂ ਨੂੰ ਕਹਾਣੀ ਵਿਚ ਬੰਦਿਆਂ ਵਾਂਗ ਪੇਸ਼ ਕਰਦਾ ਹਾਂ। ਨਿਰਜੀਵ ਚੀਜ਼ਾਂ ਨੂੰ ਸੰਜੀਵ ਚੀਜ਼ਾਂ ਵਾਂਗ ਪੇਸ਼ ਕਰਨ ਦਾ ਆਲਮ ਇਹ ਹੈ ਕਿ ਮੇਰੀਆਂ ਕਹਾਣੀਆਂ ਵਿਚ ਸ਼ਮਸ਼ਾਨਘਾਟ ਵੀ ਇਕ ਰਹੱਸਮਈ ਪਾਤਰ ਬਣਕੇ ਉੱਭਰਦਾ ਹੈ। ਚੂੜੇ ਵਾਲੀ ਬਾਂਹ, ਚਾਦਰ, ਖਿੱਤੀਆਂ ਘੁੰਮ ਰਹੀਆਂ ਨੇ, ਪੈੜ-ਚਾਲ, ਡਾਰਕ-ਜ਼ੋਨ, ਮੋਏ ਰਿਸ਼ਤਿਆਂ ਦੀ ਕਥਾ ਤੇ ਪੱਟ 'ਤੇ ਵਾਹੀ ਮੋਰਨੀ ਕਹਾਣੀਆਂ ਵਿਚ ਸ਼ਮਸ਼ਾਨਘਾਟ ਵਿਚਲੀ ਮੌਤ ਪਾਤਰਾਂ ਦੇ ਸਿਰ ਚੜ੍ਹ ਬੋਲਦੀ ਹੈ। ਉਹ ਮੌਤ ਨੂੰ ਮਖੌਲਾਂ ਕਰਦੇ ਹਨ। ਮੌਤ ਉਨ੍ਹਾਂ ਦੁਆਲੇ ਇਕ ਅਦਿੱਖ ਪਾਤਰ ਵਾਂਗ ਮੰਡਰਾਉਂਦੀ ਹੈ। ਇਸ ਮੌਤ-ਸਥਲ ਨੂੰ ਪੇਸ਼ ਕਰਨ ਵਕਤ ਮੇਰੇ ਦਿਮਾਗ ਵਿਚ ਉਹ ਸਾਰੇ ਸ਼ਮਸ਼ਾਨਘਾਟ ਸਨ, ਜਿਨ੍ਹਾਂ ਵਿਚ ਮੈਂ ਬੰਦੇ ਦਾ ਸਿਵਾ ਮੱਚਦਾ ਵੇਖਿਆ। ਮੇਰੇ ਅੰਦਰ ਪਤਾ ਨਹੀਂ ਕੀ ਹੈ ! ਮੈਂ ਅਕਸਰ ਹੀ ਸਾਡੇ ਪਿੰਡ ਵਾਲੇ ਸ਼ਮਸ਼ਾਨਘਾਟ ਵਿਚ ਜਾ ਬੈਠਦਾ ਹਾਂ। ਕਈ ਵਾਰੀ ਮੂਹਰਦੀ ਗੇੜਾ ਮਾਰ ਕੇ ਹੀ ਪਰਤ ਆਉਂਦਾ ਹਾਂ। ਜਿਨ੍ਹਾਂ ਦਿਨਾਂ ਵਿਚ ਮੈਂ 'ਚੂੜੇ ਵਾਲੀ ਬਾਂਹ' ਕਹਾਣੀ ਲਿਖੀ। ਝੂੰਦਾਂ ਵਾਲੀ ਸੜਕ 'ਤੇ ਬਣੇ ਸ਼ਮਸ਼ਾਨਘਾਟ ਵਿਚ ਘੰਟਿਆਂ ਬੱਧੀ ਬਹਿ ਕੇ ਆਉਂਦਾ ਰਿਹਾ ਹਾਂ। ਹੈ ਤਾਂ ਅਜੀਬ ਗੱਲ। ਮੈਨੂੰ ਸ਼ਮਸ਼ਾਨਘਾਟ ਚੰਗਾ ਲੱਗਦਾ ਹੈ। ਬਨਭੌਰੇ ਵਾਲੀ ਨਹਿਰ ਵੀ ਚੰਗੀ ਲੱਗਦੀ ਹੈ। 'ਦੋ ਸਾਹਾਂ ਵਿਚਲਾ ਠਹਿਰਾਅ' ਕਹਾਣੀ ਵਿਚ ਪਿੰਡ ਬਨਭੌਰਾ, ਭੁੱਲਰਾਂ ਵਾਲੀ ਪੁਲੀ, ਨਹਿਰ, ਨਹਿਰ ਦੀ ਪਟੜੀ, ਮਾਹੋਰਾਣੇ ਵਾਲਾ ਪੁਲ ਤੇ ਪ੍ਰਾਇਮਰੀ ਸਕੂਲ ਦੇ ਨਾਲ ਲੱਗਦੀ ਸਾਧਾਂ ਦੀ ਕੁਟੀਆ। ਇਕ ਮੁੱਦਤ ਤੋਂ ਇਹ ਸਾਰਾ ਕੁਝ ਮੈਨੂੰ ਦਿਲ ਵਾਂਗ ਧੜਕਦਾ ਮਹਿਸੂਸ ਹੁੰਦਾ ਹੈ। ਕਹਾਣੀ ਵਿਚ ਮੈਂ ਇਸ ਨੂੰ ਜਿਊਂਦੇ-ਜਾਗਦੇ ਬੰਦਿਆਂ ਵਾਂਗ ਪੇਸ਼ ਕੀਤਾ ਹੈ। ਜਦੋਂ ਪੜ੍ਹਨ ਵਾਲਾ ਕਹਾਣੀ ਪੜ੍ਹਦਾ ਹੈ। ਉਸ ਨੂੰ ਹਰ ਸ਼ੈਅ ਦੀ ਅਵਾਜ਼ ਸੁਣਾਈ ਦਿੰਦੀ ਹੈ। ਖਾਮੋਸ਼ ਚੀਜ਼ਾਂ ਵਿਚਲੀ ਖਾਮੋਸ਼ੀ ਨੂੰ ਪਾਤਰਾਂ ਦੀ ਜ਼ੁਬਾਨ ਦੇਣੀ ਕੋਈ ਦੱਸਣ-ਪੁੱਛਣ ਵਾਲੀ ਨਹੀਂ, ਮਹਿਸੂਸ ਕਰਨ ਵਾਲੀ ਗੱਲ ਹੈ।
ਮੈਂ ਜਿਨ੍ਹਾਂ ਵਿਅਕਤੀਆਂ, ਵਸਤੂਆਂ ਤੇ ਵਰਤਾਰਿਆ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ। ਜਿਨ੍ਹਾਂ ਦੀ ਹਸਤੀ ਮੇਰੇ ਨਾਲ ਪਰਛਾਵੇਂ ਵਾਂਗ ਤੁਰਦੀ ਰਹੀ ਹੈ।ਮੈਂ ਉਨ੍ਹਾਂ ਨੂੰ ਪਾਤਰਾਂ ਵਜੋਂ ਦਰਜ਼ ਕੀਤਾ ਹੈ। ਮੈਂ ਜਦੋਂ ਵੀ ਕੋਈ ਪਾਤਰ ਚੁਣਦਾ ਹਾਂ। ਮੇਰੇ ਲਈ ਉਹਦੀ ਜਾਤ, ਗੋਤ, ਮਜ਼ਹਬ ਤੇ ਫਿਰਕਾ-ਬਿਰਾਦਰੀ ਨੰਬਰ ਦੋ ਹੁੰਦੀ ਹੈ। ਇਕ ਨੰਬਰ 'ਤੇ ਉਹਦਾ ਦਰਦ ਹੁੰਦਾ। ਉਹਦਾ ਸੰਕਟ ਹੁੰਦਾ ਹੈ। ਮੇਰੀ ਕਥਾ-ਯਾਤਰਾ ਦਾ ਕੁੱਲ ਮਕਸਦ ਆਪਣੇ ਪਾਤਰਾਂ ਦੀ ਜ਼ਿੰਦਗੀ ਦਾ ਬਹੁਪਰਤੀ ਸੰਕਟ ਬਿਆਨ ਕਰਨਾ ਹੈ। ਇਸ ਸੰਕਟ ਨੂੰ ਤਿੱਖੇ ਔਰ ਪ੍ਰਚੰਡ ਰੂਪ ਵਿਚ ਪ੍ਰਸਤੁਤ ਕਰਨ ਲਈ ਮੈਂ ਉਨ੍ਹਾਂ ਪਾਤਰਾਂ ਦੀ ਚੋਣ ਕਰਦਾ ਹਾਂ। ਜਿਹੜੇ ਆਪਣੀ ਦਸ਼ਾ ਵਿਚੋਂ ਦਿਸ਼ਾ ਕੱਢਣ ਲਈ ਸੰਘਰਸ਼ਰਤ ਹਨ। ਜਿਹੜੇ ਅੱਗ ਵਰਗੀ ਜ਼ਿੰਦਗੀ ਨੂੰ ਜੀਭ 'ਤੇ ਰੱਖ ਕੇ ਬਾਲਣ ਦੀ ਜ਼ੁਅੱਰਤ ਰੱਖਦੇ ਹਨ। ਮੈਂ ਉਨ੍ਹਾਂ ਪਾਤਰਾਂ ਦੀ ਗੈਲਰੀ ਸਿਰਜਦਾ ਹਾਂ।
-ਜਸਵੀਰ ਸਿੰਘ ਰਾਣਾ
9815659220
7553
(0 votes, average 0 out of 5)