ਗਲੋਬਲ ਪੰਜਾਬ

ਕਤਰ 'ਚ ਭਾਰਤੀ ਨੇ ਜਿੱਤਿਆ 10 ਲੱਖ ਡਾਲਰ ਦਾ ਇਨਾਮ

Attention: open in a new window. PDFPrintE-mail

Tuesday, 08 January 2013 11:56

ਦੁਬਈ, --- ਕਤਰ ਦੀ ਰਾਜਧਾਨੀ ਦੋਹਾ ਵਿਖੇ ਇਕ ਭਾਰਤੀ ਦੀ 10 ਲੱਖ ਅਮਰੀਕੀ ਡਾਲਰ ਦੀ ਲਾਟਰੀ ਨਿਕਲੀ ਹੈ। 50 ਸਾਲਾ ਸਥੀਸਾ ਬਾਬੂ ਨੇ ਇਹ ਇਨਾਮ ਜਿੱਤਿਆ ਹੈ। ਬਾਬੂ ਪਿਛਲੇ 15 ਸਾਲ ਤੋਂ ਦੋਹਾ ਵਿਖੇ ਰਹਿ ਰਹੇ ਹਨ। ਇਮਰੀ ਹਵਾਈ ਸੈਨਾ ਵਿਚ ਤਕਨੀਸ਼ੀਅਨ ਦਾ ਕੰਮ ਕਰਨ ਵਾਲੇ ਬਾਬੂ ਨੇ ਦੋਹਾ ਤੋਂ ਤਿਰਵੰਤਪੁਰਮ ਨੂੰ ਉਡਾਣ ਭਰਨ ਵੇਲੇ ਇਹ ਲੱਕੀ ਟਿਕਟ ਖਰੀਦੀ ਸੀ। ਇਨਾਮ ਜਿੱਤਣ ਤੋਂ ਬਾਅਦ ਬਾਬੂ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹੈ ਅਤੇ ਇਹ ਇਨਾਮ ਜਿੱਤਣ ਨਾਲ ਉਹ ਆਰਥਿਕ ਤੌਰ 'ਤੇ ਹੋਰ ਸੁਰੱਖਿਅਤ ਹੋ ਗਿਆ ਹੈ।

 

ਭਾਰਤ 'ਚ ਆਸਟਰੇਲੀਆ ਦਾ ਨਵੇਂ ਹਾਈ ਕਮਿਸ਼ਨਰ ਹਿੰਦੀ ਦਾ ਮਾਹਿਰ

Attention: open in a new window. PDFPrintE-mail

Monday, 07 January 2013 08:10

ਮੈਲਬੌਰਨ- ਆਸਟਰੇਲੀਆ ਦੇ ਹਿੰਦੀ ਭਾਸ਼ੀ ਡਿਪਲੋਮੈਟ ਪੈਟਰਿਕ ਸਕਲਿੰਗ ਨੂੰ ਭਾਰਤ ਵਿਚ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸਕਲਿੰਗ ਅਗਲੇ ਮਹੀਨੇ ਦਿੱਲੀ ਵਿਚ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਣਗੇ। ਆਸਟਰੇਲੀਆਈ ਵਿਦੇਸ਼ ਮੰਤਰੀ ਬਾਬ ਕਰ ਨੇ ਇਸ ਨਿਯੁਕਤੀ ਬਾਰੇ ਐਲਾਨ ਕੀਤਾ। ਬਾਬ ਕਰ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਹਾਈ ਕਮਿਸ਼ਨਰ ਦੀ ਭੂਮਿਕਾ ਮਹੱਤਵਪੂਰਨ ਹੈ, ਕਿਉਂਕਿ ਭਾਰਤ ਆਸਟਰੇਲੀਆ ਦਾ ਚੌਥਾ ਵੱਡਾ ਨਿਰਯਾਤਕ ਬਾਜ਼ਾਰ ਹੈ। ਦੋਹਾਂ ਦੇਸ਼ਾਂ ਦਰਮਿਆਨ ਵਪਾਰ 18 ਅਰਬ ਡਾਲਰ ਤੱਕ ਪਹੁੰਚ ਗਿਆ ਹੈ।
ਸਿਡਨੀ ਯੂਨੀਵਰਸਿਟੀ ਤੋਂ ਹਿੰਦੀ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਸਕਲਿੰਗ ਦਿੱਲੀ ਵਿਚ ਪੀਟਰ ਵਰਗਿਸ ਦੀ ਜਗ੍ਹਾ ਲੈਣਗੇ। ਵਰਗਿਸ ਹੁਣ ਵਿਦੇਸ਼ ਅਤੇ ਵਪਾਰ ਵਿਭਾਗ ਦੇ ਮੁਖੀ ਦੇ ਤੌਰ 'ਤੇ ਕੰਮ ਕਰਨਗੇ।
ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਇਕ ਬਿਆਨ ਵਿਚ ਕਿਹਾ, ''ਸਕਲਿੰਗ ਦਾ ਕੈਰੀਅਰ ਬਿਹਤਰ ਰਿਹਾ ਹੈ। ਦਿੱਲੀ ਅਤੇ ਵਾਸ਼ਿੰਗਟਨ ਦਾ ਤਜ਼ਰਬਾ ਅਤੇ ਹਿੰਦੀ ਵਿਚ ਪੋਸਟ ਗ੍ਰੈਜੂਏਟ ਹੋਣਾ ਹਾਈ ਕਮਿਸ਼ਨਰ ਦੇ ਤੌਰ 'ਤੇ ਉਨ੍ਹਾਂ ਲਈ ਬਿਹਤਰ ਹੋਵੇਗਾ।''

   

ਪੁੱਤਰੀ ਦਾ ਨਾਂਅ ਜਨਤਕ ਕਰਨਾ ਚਾਹੁੰਦਾ ਹੈ ਪੀੜਤ ਲੜਕੀ ਦਾ ਪਿਤਾ

Attention: open in a new window. PDFPrintE-mail

Monday, 07 January 2013 08:06

ਲੰਦਨ, (ਸਾਡਾ ਚੈਨਲ ਬਿਊਰੋ)----ਦਿੱਲੀ ਜਬਰ ਜਨਾਹ ਪੀੜਤ ਲੜਕੀ ਦਾ ਪਿਤਾ ਚਾਹੁੰਦਾ ਹੈ ਕਿ ਉਸ ਦੀ ਪੁੱਤਰੀ ਦਾ ਨਾਂਅ ਜਨਤਕ ਕੀਤਾ ਜਾਵੇ ਤਾਂ ਜੋ ਜਿਣਸੀ ਹਿੰਸਾ ਦੇ ਸ਼ਿਕਾਰ ਹੋਰ ਲੋਕਾਂ ਲਈ ਉਹ ਪ੍ਰੇਰਣਾ ਬਣ ਸਕੇ। ਪੀੜਤ ਦੇ ਪਿਤਾ ਨੇ ਬਰਤਾਨੀਆ ਦੀ ਅਖ਼ਬਾਰ 'ਸੰਡੇ ਪੀਪਲ' ਨਾਲ ਇਕ ਮੁਲਾਕਾਤ ਵਿਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਨੂੰ ਮੇਰੀ ਬੇਟੀ ਦੇ ਅਸਲੀ ਨਾਂਅ ਦਾ ਪਤਾ ਲੱਗੇ। ਉਨ੍ਹਾਂ ਕਿਹਾ ਕਿ ਉਸ ਦੀ ਲੜਕੀ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਉਸ ਨੇ ਮੌਤ ਨਾਲ ਲੜਦੇ ਹੋਏ ਦਮ ਤੋੜਿਆ ਹੈ। 23 ਸਾਲਾ ਫਿਜ਼ੀਓਥਰੈਪੀ ਦੀ ਵਿਦਿਆਰਥਣ ਨੇ ਦਿੱਲੀ ਵਿਚ ਇਕ ਚੱਲਦੀ ਫਿਰਦੀ ਬੱਸ ਵਿਚ ਸਮੂਹਿਕ ਜਬਰ ਜਨਾਹ ਪਿੱਛੋਂ 2 ਹਫਤੇ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਦਮ ਤੋੜਿਆ ਸੀ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਅਤੇ ਗੁਆਂਢੀ ਦੇਸ਼ਾਂ ਵਿਚ ਵੀ ਰੋਸ ਮੁਜ਼ਾਹਰੇ ਹੋਏ ਸਨ ਅਤੇ ਸਰਕਾਰ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ। ਉਸ ਦਾ ਨਾਂਅ ਜਨਤਕ ਕਰਨ ਨਾਲ ਦੂਸਰੀਆਂ ਔਰਤਾਂ ਨੂੰ ਹੌਸਲਾ ਮਿਲੇਗਾ ਜਿਹੜੀਆਂ ਇਸ ਤਰ੍ਹਾਂ ਦੇ ਹਮਲਿਆਂ 'ਚ ਬਚ ਗਈਆਂ ਹਨ। ਉਹ ਮੇਰੀ ਧੀ ਤੋਂ ਤਾਕਤ ਲੈਣਗੀਆਂ। ਭਾਰਤੀ ਕਾਨੂੰਨ ਵਿਚ ਸੈਕਸ ਜੁਰਮਾਂ ਦੇ ਪੀੜਤਾਂ ਦੀ ਪਛਾਣ ਦੱਸਣ ਦੀ ਮਨਾਹੀ ਹੈ। ਲੜਕੀ ਦੇ ਪਿਤਾ ਨੇ ਬਾਅਦ ਵਿਚ ਰਾਇਟਰ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਨੂੰ ਮੀਡੀਆ ਵਲੋਂ ਉਸ ਦੀ ਧੀ ਦਾ ਨਾਂਅ ਵਰਤਣ 'ਤੇ ਕੋਈ ਇਤਰਾਜ਼ ਨਹੀਂ। ਪੀੜਤ ਦਾ ਨਾਂਅ ਦੱਸਣ ਲਈ ਦੇਸ਼ ਅੰਦਰ ਲੋਕਾਂ ਦੀ ਮੰਗ ਤੇਜ਼ ਹੋ ਰਹੀ ਹੈ। ਪਿਛਲੇ ਹਫਤੇ ਸਿਆਸਤਦਾਨ ਸ਼ਸ਼ੀ ਥਰੂਰ ਨੇ ਲੜਕੀ ਦਾ ਨਾਂਅ ਗੁੰਮਨਾਮ ਰੱਖਣ 'ਤੇ ਸਵਾਲ ਉਠਾਇਆ ਸੀ ਅਤੇ ਨਵਾਂ ਜਬਰ ਜਨਾਹ ਵਿਰੋਧੀ ਕਾਨੂੰਨ ਪੀੜਤ ਲੜਕੀ ਦੇ ਨਾਂਅ 'ਤੇ ਰੱਖਣ ਦਾ ਸੁਝਾਅ ਦਿੱਤਾ ਸੀ। ਇਸ ਤਜਵੀਜ਼ ਦੀ ਲੜਕੀ ਦੇ ਪਿਤਾ ਨੇ ਹਮਾਇਤ ਕੀਤੀ ਹੈ। ਬਰਤਾਨਵੀ ਅਖ਼ਬਾਰ ਨੇ ਪਿਤਾ ਅਤੇ ਲੜਕੀ ਦਾ ਨਾਂਅ ਛਾਪਿਆ ਹੈ ਅਤੇ ਕਿਹਾ ਕਿ ਲੜਕੀ ਦੇ ਪਿਤਾ ਨੇ ਇਸ ਦੀ ਇਜਾਜ਼ਤ ਦਿੱਤੀ ਹੈ ਪਰ ਪਰਿਵਾਰ ਦੀ ਬੇਨਤੀ 'ਤੇ ਅਖ਼ਬਾਰ ਉਸ ਦੀ ਤਸਵੀਰ ਨਹੀਂ ਛਾਪੇਗਾ। ਰਾਇਟਰ ਨੇ ਲੜਕੀ ਦੀ ਪਛਾਣ ਨਾ ਦੱਸਣ ਦਾ ਫ਼ੈਸਲਾ ਕੀਤਾ ਹੈ। ਇਸੇ ਕਾਨੂੰਨ ਦਾ ਹਵਾਲਾ ਦਿੰਦਿਆਂ ਦਿੱਲੀ ਪੁਲਿਸ ਨੇ ਜੀ.ਨਿਊਜ਼ ਚੈਨਲ ਖਿਲਾਫ ਪੀੜਤ ਲੜਕੀ ਦੇ ਦੋਸਤ ਦੀ ਮੁਲਾਕਾਤ ਪ੍ਰਸਾਰਣ ਬਦਲੇ ਕੇਸ ਦਰਜ ਕੀਤਾ ਹੈ।

 

   

ਅਮਰੀਕੀ ਇਮੀਗ੍ਰੇਸ਼ਨ ਨੀਤੀ 'ਚ ਅਹਿਮ ਤਬਦੀਲੀ ਦਾ ਐਲਾਨ

Attention: open in a new window. PDFPrintE-mail

Monday, 07 January 2013 08:06



ਕੈਲੇਫੋਰਨੀਆ, (ਸਾਡਾ ਚੈਨਲ ਬਿਊਰੋ)----ਓਬਾਮਾ ਪ੍ਰਸ਼ਾਸਨ ਨੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿਚ ਅਹਿਮ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵਿਚ ਪਰਿਵਾਰ ਸਮੇਤ ਰਹਿ ਰਹੇ ਗ਼ੈਰ-ਕਾਨੂੰਨੀ ਪ੍ਰਵਾਸੀ ਹੁਣ ਇਥੇ ਰਹਿੰਦਿਆਂ ਹੀ ਸਥਾਈ ਰਿਹਾਇਸ਼ੀ ਬਣ ਸਕਦੇ ਹਨ। ਇਸ ਤੋਂ ਪਹਿਲਾਂ ਗ਼ੈਰ-ਕਾਨੂੰਨੀ ਪ੍ਰਵਾਸੀ, ਜਿਹੜੇ ਇਕ ਸਾਲ ਤੱਕ ਅਮਰੀਕਾ ਵਿਚ ਰਹੇ ਸਨ, ਨੂੰ 3 ਸਾਲ ਤੱਕ ਦਾ ਪਰਿਵਾਰ ਤੋਂ ਦੂਰ ਰਹਿਕੇ ਇੰਤਜ਼ਾਰ ਕਰਨਾ ਪੈਂਦਾ ਸੀ। ਫਿਰ ਉਹ ਅਮਰੀਕਾ ਵਾਪਸ ਆ ਸਕਦੇ ਸਨ ਤੇ ਇਸੇ ਤਰ੍ਹਾਂ ਜਿਹੜੇ ਇਕ ਸਾਲ ਤੋਂ ਵੱਧ ਸਮੇਂ ਤੱਕ ਅਮਰੀਕਾ ਵਿਚ ਰਹੇ ਸਨ, ਨੂੰ 10 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਰਾਸ਼ਟਰਪਤੀ ਓਬਾਮਾ ਨੇ ਅਮਰੀਕੀ ਨਾਗਰਿਕਾਂ, ਜਿਨ੍ਹਾਂ ਨੂੰ ਡਿਪੋਰਟੇਸ਼ਨ ਦੇ ਆਖਰੀ ਹੁਕਮਾਂ ਕਾਰਨ ਜਾਂ ਫਿਰ ਬਿਨਾਂ ਜਾਂਚ-ਪੜਤਾਲ ਦੇ ਉਨ੍ਹਾਂ ਦੇ ਦਾਖਲੇ ਕਰਨ ਅਮਰੀਕਾ ਵਿਚ ਗਰੀਨ ਕਾਰਡ ਹਾਸਲ ਨਹੀਂ ਹੋ ਸਕਿਆ ਸੀ, ਦੀਆਂ ਪਤਨੀਆਂ ਤੇ ਪਰਿਵਾਰਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਹੈ। ਮਾਰਚ 2013 ਤੋਂ ਸ਼ੁਰੂ ਹੋ ਰਹੀ ਇਸ ਨਵੀਂ ਇਮੀਗ੍ਰੇਸ਼ਨ ਨੀਤੀ ਅਨੁਸਾਰ ਆਈ-601 ਅਤੇ ਆਈ-212 ਵੇਵਰ ਅਰਜ਼ੀਆਂ ਦਾਇਰ ਕੀਤੀਆਂ ਜਾ ਸਕਦੀਆਂ ਹਨ ਤੇ ਅਮਰੀਕਾ ਛੱਡੇ ਬਗੈਰ ਇਸ ਦੀ ਪ੍ਰਵਾਨਗੀ ਮਿਲ ਸਕਦੀ ਹੈ। ਇਸ ਨਵੀਂ ਨੀਤੀ ਤੋਂ ਪਹਿਲਾਂ ਜਿਨ੍ਹਾਂ ਦੇ ਡਿਪੋਟੇਸ਼ਨ ਦੇ ਆਖਰੀ ਹੁਕਮ ਹੋਏ ਹੁੰਦੇ ਸਨ ਜਾਂ ਫਿਰ ਜਿਹੜੇ ਬਿਨਾਂ ਵੀਜ਼ਾ ਦੇ ਦਾਖਲ ਹੋਏ ਸਨ, ਨੂੰ ਅਮਰੀਕਾ ਛੱਡਣਾ ਪੈਂਦਾ ਸੀ ਤੇ ਭਾਰਤ ਵਿਚ ਸਥਿਤ ਅਮਰੀਕੀ ਕੌਂਸਲਖਾਨੇ ਵਿਚ ਵੇਵਰ ਦੀ ਅਰਜ਼ੀ ਦੇਣੀ ਪੈਂਦੀ ਸੀ ਤੇ ਕਈ ਸਾਲ ਤੱਕ ਭਾਰਤ ਵਿਚ ਉਡੀਕ ਕਰਨੀ ਪੈਂਦੀ ਸੀ। ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਅਨੁਸਾਰ ਓਬਾਮਾ ਪ੍ਰਸ਼ਾਸਨ ਦੀ ਇਸ ਨਵੀਂ ਨੀਤੀ ਦੇ ਨਾਲ ਜਿਨ੍ਹਾਂ ਦੇ ਡਿਪੋਰਟੇਸ਼ਨ ਦੇ ਆਖਰੀ ਹੁਕਮ ਹੋਏ ਸਨ, ਪਰ ਉਨ੍ਹਾਂ ਦੀ ਪਤਨੀ ਜਾਂ ਮਾਪੇ ਅਮਰੀਕੀ ਨਾਗਰਿਕ ਹਨ, ਨੂੰ ਹੁਣ ਅਮਰੀਕਾ ਛੱਡੇ ਬਗੈਰ ਗਰੀਨ ਕਾਰਡ ਲਈ ਵੇਵਰ ਦੀ ਮਨਜ਼ੂਰੀ ਮਿਲ ਸਕੇਗੀ। ਇਸ ਵੇਲੇ ਇਹ ਹਾਲਤ ਹੈ ਕਿ ਕੁਝ ਅਮਰੀਕੀ ਨਾਗਰਿਕਾਂ ਦੇ ਮਾਪੇ ਤੇ ਪਤਨੀਆਂ ਨੂੰ ਗਰੀਨ ਕਾਰਡ ਲਈ ਅਰਜ਼ੀ ਦੇਣ ਲਈ ਆਪਣੇ ਗ੍ਰਹਿ ਦੇਸ਼ ਜਾਣਾ ਪੈਂਦਾ ਸੀ, ਕਿਉਂਕਿ ਉਨ੍ਹਾਂ ਲਈ ਗਰੀਨ ਕਾਰਡ ਲਈ ਵੇਵਰ ਜ਼ਰੂਰੀ ਹੁੰਦਾ ਹੈ। ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਆਪਣੇ ਅਮਰੀਕੀ ਨਾਗਰਿਕ ਪਰਿਵਾਰ ਤੋਂ ਕਈ ਸਾਲਾਂ ਤੱਕ ਵੱਖਰੇ ਰਹਿਣਾ ਪੈਂਦਾ ਸੀ ਜਦੋਂ ਤੱਕ ਕਿ ਉਨ੍ਹਾਂ ਦੀਆਂ ਵੇਵਰ ਅਰਜ਼ੀਆਂ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ। ਹੁਣ ਓਬਾਮਾ ਪ੍ਰਸ਼ਾਸਨ ਦੀ ਨਵੀਂ ਨੀਤੀ ਤਹਿਤ ਜਿਨ੍ਹਾਂ ਨੂੰ ਆਪਣੇ ਗਰੀਨ ਕਾਰਡ ਲਈ ਵੇਵਰ ਦੀ ਲੋੜ ਹੈ ਉਹ ਇਨ੍ਹਾਂ ਵੇਵਰ ਅਰਜ਼ੀਆਂ ਦੀ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਆਪਣੇ ਪਰਿਵਾਰਾਂ ਨਾਲ ਅਮਰੀਕਾ ਵਿਚ ਹੀ ਰਹਿ ਸਕਣਗੇ। ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਇਮੀਗ੍ਰੇਸ਼ਨ ਤੇ ਨੈਸ਼ਨਲਿਟੀ ਲਾਅ ਦੀ ਪ੍ਰੈਕਟਿਸ ਕਰਦੇ ਹਨ ਤੇ ਵਿਦੇਸ਼ਾਂ ਵਿਚ ਅਮਰੀਕੀ ਕੌਂਸਲਖਾਨੇ ਅਤੇ ਅਮਰੀਕਾ ਵਿਚ ਮੁਵੱਕਲਾਂ ਲਈ ਕਈ ਵੇਵਰ ਕੇਸਾਂ ਨੂੰ ਜਿੱਤ ਚੁੱਕੇ ਹਨ।

   

ਨਿਊਜ਼ੀਲੈਂਡ 'ਚ ਪੰਜਾਬੀ ਕੁੜੀ ਨੇ 100 ਮੀਟਰ ਤੈਰਾਕੀ ਵਿਚ ਬਣਾਇਆ ਨਵਾਂ ਰਿਕਾਰਡ

Attention: open in a new window. PDFPrintE-mail

Friday, 28 December 2012 12:16

ਆਕਲੈਂਡ (ਸਾਡਾ ਚੈਨਲ ਬਿਊਰੋ)ਨਿਊਜ਼ੀਲੈਂਡ ਦੇ ਵਿਚ ਜਿਥੇ ਕਿ ਦਹਾਕਿਆਂ ਪਹਿਲਾਂ ਆਏ ਪੰਜਾਬੀਆਂ ਨੇ ਸਖਤ ਮਿਹਨਤ ਤੋਂ ਬਾਅਦ ਵੱਡੇ ਵਪਾਰਕ ਅਦਾਰੇ ਕਾਇਮ ਕੀਤੇ, ਫਿਰ ਬਾਅਦ ਰਾਜਨੀਤਕ ਸਫਰ ਸ਼ੁਰੂ ਕਰਦਿਆਂ ਕਦਮਾਂ ਨੂੰ ਸੰਸਦ ਭਵਨ ਦੀ ਸਰਦਲ ਤੱਕ ਪਹੁਚਾਇਆ ਹੈ ਉਥੇ ਪੰਜਾਬੀਆਂ ਦੀ ਨਵੀਂ ਪੀੜ઺ੀ ਵੀ ਇਥੇ ਦੇ ਨੌਜਵਾਨ ਵਰਗ ਨੂੰ ਟੱਕਰ ਦੇ ਕੇ ਨਵੇਂ ਮੀਲ ਪੱਥਰ ਗੱਡਣ ਵਿਚ ਸਫ਼ਲ ਹੋ ਰਹੀ ਹੈ। ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਇਕ ਪੰਜਾਬੀ ਕੁੜੀ 'ਪਰਲ ਹਾਂਸ' ਸਪੁੱਤਰੀ ਸ. ਅਵਤਾਰ ਸਿੰਘ ਹਾਂਸ ਨੇ ਤੈਰਾਕੀ ਦੇ 'ਕਾਊਂਟੀਜ਼ ਮੈਨੁਕਾਓ' ਮੁਕਾਬਲਿਆਂ ਦੇ ਵਿਚ 100 ਮੀਟਰ ਬ੍ਰੈਸਟ ਸਟਰੋਕ ਮੁਕਾਬਲੇ ਵਿਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। 17 ਸਾਲਾ ਪਰਲ ਹਾਂਸ ਨੇ ਇਸ ਸਫ਼ਰ ਦੇ ਲਈ ਸਿਰਫ਼ 1 ਮਿੰਟ 14 ਸੈਕਿੰਡ ਦਾ ਸਮਾਂ ਲਿਆ ਜਦ ਕਿ ਪਹਿਲਾ ਰਿਕਾਰਡ 1 ਮਿੰਟ 15 ਸੈਕਿੰਡ ਦਾ ਸੀ। ਨਿਊਜ਼ੀਲੈਂਡ ਦੇ ਵਿਚ ਉਪਰਲੀ 10 ਕੁੜੀਆਂ ਦੇ ਵਿਚ ਇਸ ਇਸਦਾ ਚੌਥਾ ਸਥਾਨ ਹੈ। ਪਰਲ ਹਾਂਸ ਨੇ ਬੀਤੀ 30 ਸਤੰਬਰ ਨੂੰ ਭਾਰਤ ਦੀ ਰਿਕਾਰਡ ਹੋਲ਼ਡਰ ਕੁੜੀ ਪ੍ਰਿਆ ਦਰਸ਼ਨੀ ਦਾ ਰਿਕਾਰਡ ਵੀ 2 ਸੈਕਿੰਡ ਦੇ ਫਰਕ ਨਾਲ ਤੋੜਿਆ ਸੀ। ਪਰਲ ਹਾਂਸ 4 ਸਾਲ ਦੀ ਉਮਰ ਵਿਚ ਪੰਜਾਬ ਤੋਂ ਇਥੇ ਆਈ ਸੀ ਤੇ ਉਸਨੇ 7 ਸਾਲ ਦੀ ਉਮਰ ਤੋਂ ਤੈਰਾਕੀ ਸਿੱਖਣੀ ਸ਼ੁਰੂ ਕੀਤੀ ਜੋ ਕਿ ਨਿਰੰਤਰ ਜਾਰੀ ਹੈ। ਉਹ ਰੋਜ਼ਾਨਾ 4-5 ਘੰਟੇ ਤੈਰਾਕੀ ਦਾ ਅਭਿਆਸ ਕਰਦੀ ਹੈ। ਕਾਮਨਵੈਲਥ ਦੇ ਵਿਚ ਜਾਣ ਦੀ ਯੋਗਤਾ ਰੱਖਣ ਵਾਲੀ ਇਹ ਪੰਜਾਬੀ ਕੁੜੀ 2016 ਦੇ ਵਿਚ ਬ੍ਰਾਜ਼ੀਲ ਵਿਖੇ ਹੋਣ ਵਾਲੀਆਂ ਖੇਡਾਂ ਦੇ ਵਿਚ ਉਹ ਨਿਊਜ਼ੀਲੈਂਡ ਜਾਂ ਫਿਰ ਭਾਰਤ ਦੀ ਨੁਮਾਇੰਦਗੀ ਕਰਨ ਦੀ ਇੱਛਾ ਰੱਖਦੀ ਹੈ ਤੇ ਪੂਰੀ ਲਗਨ ਨਾਲ ਤਿਆਰੀ ਕਰ ਰਹੀ ਹੈ। ਬੀਤੇ ਦਿਨੀਂ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਆਕਲੈਂਡ ਵਿਖੇ ਹੋਏ ਇਕ ਸਮਾਗਮ ਦੇ ਵਿਚ ਇਸ ਬੱਚੀ ਨੂੰ ਮਿਲਕੇ ਵਿਸ਼ੇਸ਼ ਤੌਰ 'ਤੇ ਮਿਲ ਕੇ ਹੌਂਸਲਾ ਅਫ਼ਜਾਈ ਕੀਤੀ।
   

Page 2 of 20

Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News