ਗਾਣਾ-ਵਜਾਉਣਾ

ਫਿਲਮ ‘ਸਨ ਆਫ ਸਰਦਾਰ’ ਵਿਵਾਦਾਂ ਵਿੱਚ ਘਿਰੀ

Attention: open in a new window. PDFPrintE-mail

Thursday, 30 August 2012 06:27


ਅੰਮ੍ਰਿਤਸਰ, 28 ਅਗਸਤ, (ਸਾਡਾ ਚੈਨਲ ਬਿਊਰੋ)ਅਜੇ ਦੇਵਗਨ ਦੀ ਸਿੱਖ ਕਿਰਦਾਰ ਵਿੱਚ ਨਵੀਂ ਆ ਰਹੀ ਫਿਲਮ ‘ਸਨ ਆਫ ਸਰਦਾਰ’ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ।ਇਹ ਫਿਲਮ ਸਿੱਖ ਭਾਈਚਾਰੇ ਦੇ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਕਾਰਨ   ਵਾਦ-ਵਿਵਾਦ ਦੇ ਘੇਰੇ ਵਿੱਚ ਆ ਗਈ ਹੈ, ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਇਸ ਦੇ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾਵੇ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਫਿਲਮ ਵਿੱਚ ਵਰਤੀ ਗਈ ਸ਼ਬਦਾਵਲੀ ਦੇ ਖਿਲਾਫ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਤੋਂ ਸ਼ਿਕਾਇਤਾਂ ਪੁੱਜੀਆਂ ਹਨ। ਫਿਲਮ ’ਚ ਵਰਤੀ ਸ਼ਬਦਾਵਲੀ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ਰਾਹੀਂ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਖਿਲਾਫ ਢੁੱਕਵੀਂ ਕਾਰਵਾਈ ਕਰਕੇ ਭੱਦੀ ਸ਼ਬਦਾਵਲੀ ਕਟਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਉਸ ਵੇਲੇ ਤੱਕ ਜਾਰੀ ਨਹੀਂ ਹੋਣੀ ਚਾਹੀਦੀ, ਜਦੋਂ ਤੱਕ ਇਤਰਾਜ਼ ਯੋਗ ਸ਼ਬਦਾਵਲੀ ਹਟਾਈ ਨਹੀਂ ਜਾਂਦੀ, ਵਰਨਾ ਸਿੱਖ ਭਾਈਚਾਰੇ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਫਿਲਮ ਦੇ ਕਲਾਕਾਰ ਤੇ ਨਿਰਮਾਤਾ ਅਜੇ ਦੇਵਗਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਦੋਸ਼ ਲਾਇਆ ਹੈ ਕਿ ਇਸ ਫਿਲਮ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ। ਨੋਟਿਸ ਰਾਹੀਂ ਇਸ ਫਿਲਮ ਵਿੱਚੋਂ ਇਤਰਾਜ਼ਯੋਗ ਸ਼ਬਦਾਵਲੀ ਤੇ ਸੀਨ ਹਟਾਉਣ ਲਈ ਆਖਿਆ ਗਿਆ ਹੈ।

 

 

ਸੰਗੀਤਕ ਲੇਖਾ ਜੋਖਾ 2010

Attention: open in a new window. PDFPrintE-mail

Monday, 03 January 2011 09:09

ਸੰਗੀਤਕ ਲੇਖਾ ਜੋਖਾ 2010

   ਸਾਲ ਦੇ ਅਖ਼ਰੀਲੇ ਮਹੀਨਿਆਂ 'ਚ ਆਈ ਕੈਸਿਟਾਂ ਨੇ ਧੋਣੇ ਧੋਤੇ

 ਸਪਨ ਮਨਚੰਦਾ

 

 

       ਬੀਤ ਚੁੱਕਾ ਕੱਲ੍ਹ ਇਤਿਹਾਸ ਬਣਦਾ ਹੈ ਤੇ ਇਤਿਹਾਸ ਤੋਂ ਹਮੇਸ਼ਾ ਸਬਕ ਲੈਣਾ ਚਾਹੀਦਾ ਹੈ ਇਸੇ ਤਰ੍ਹਾ ਇਹ ਵਰ੍ਹਾ 2010 ਵੀ ਕੁਝ ਦਿਨਾਂ ਬਾਅਦ ਕੌੜੀਆਂ,ਮਿੱਠੀਆਂ,ਯਾਦਾਂ ਸਮੋਈ ਬੀਤਿਆ ਵਰ੍ਹਾ ਬਣਕੇ ਇਤਿਹਾਸ ਸੰਗ ਜਾ ਮਿਲੇਗਾ ਤੇ ਨਵਾਂ ਵਰ੍ਹਾ 2011 ਨਵੇਂ ਅਰਥ, ਨਵੇਂ ਦਿਸਹੱਦੇ ਤੇ ਮੰਜ਼ਿਲ ਨੂੰ ਸਰ ਕਰਨ ਦੇ ਮੌਕੇ ਲੈ ਕੇ ਸਾਡੀਆਂ ਬਰੂਹਾਂ 'ਤੇ ਆ ਢੁੱਕੇਗਾ। ਇਸੇ ਤਰ੍ਹਾਂ ਕੁਦਰਤ ਦੀ ਇਹ ਪ੍ਰਕੀਰਿਆ ਰਹਿੰਦੀ ਦੁਨੀਆ ਤੱਕ ਨਿਰੰਤਰ ਚੱਲਦੀ ਰਹੇਗੀ। ਬੀਤੇ ਵਰ੍ਹੇ ਦੀਆਂ ਮਿੱਠੀਆਂ ਯਾਦਾਂ ਅਗਲੇਰੇ ਵਰ੍ਹਿਆਂ ਵਿੱਚ ਵੀ ਸਾਨੂੰ ਯਾਦ ਰਹਿਣਗੀਆਂ ਤੇ ਕੌੜੀਆਂ ਯਾਦਾਂ ਵੀ ਸਾਡੇ ਜ਼ਿਹਨ ਵਿੱਚ ਤਾਜ਼ਾ ਰਹਿ ਜ਼ਿੰਦਗੀ ਦੇ ਖੱਟੇ-ਮਿੱਠੇ ਪਲਾਂ ਦਾ ਅਹਿਸਾਸ ਕਰਵਾਉਂਦੀਆਂ ਰਹਿਣਗੀਆਂ।ਹੋਰਾਂ ਖੇਤਰਾਂ ਵਾਂਗ ਸੰਗੀਤ ਜਗਤ ਵਿੱਚ ਵੀ ਇਹ ਵਰ੍ਹਾ ਬੀਤੇ ਦੀ ਬਾਤ ਬਣ ਆਪਣੀਆਂ ਰੰਗ ਬਰੰਗੀਆਂ ਯਾਦਾਂ ਛੱਡਦਾ ਹੋਇਆ ਅਲਵਿਦਾ ਕਹਿਣ ਜਾ ਰਿਹਾ ਹੈ।ਸੰਗੀਤ ਜਗਤ ਨਾਲ ਜੁੜੀਆਂ ਸਖਸ਼ੀਅਤਾਂ ਲਈ ਜ਼ਿੰਦਗੀ ਵਿੱਚ ਇਹ ਵਰ੍ਹਾ ਬਹੁਤ ਹੀ ਅਹਿਮ ਸਥਾਨ ਰੱਖਦਾ ਹੈ। ਇਸ ਵਰ੍ਹੇ ਜਿਥੇ ਕਈ ਹਸਤੀਆਂ ਨੇ ਸਫ਼ਲਤਾ ਦੀ ਜ਼ਿੰਦਗੀ ਦੀ ਉੱਚਾਈ ਨੂੰ ਛੂਹਿਆ ਹੈ ਉਥੇ ਕਈਆਂ ਨੇ ਜ਼ਿੰਦਗੀ ਦੀ ਡੂੰਘੀ ਨਿਵਾਣ ਵੀ ਨਾਪੀ ਹੈ ਕਹਿਣ ਦਾ ਭਾਵ ਕਿ ਇਸ ਵਰ੍ਹੇ ਬਹੁਤ ਲੋਕਾਂ ਦੇ ਆਪਣੇ ਸੁਪਨੇ ਸਾਕਾਰ ਕਰਦਿਆਂ ਬੁਲੰਦੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ ਅਤੇ ਕਈਆਂ ਲਈ ਇਹ ਵਰ੍ਹਾ ਜ਼ਿੰਦਗੀ ਦਾ ਸਭ ਤੋਂ ਮਾੜਾ ਵਰ੍ਹਾ ਵੀ ਹੋ ਨਿਬੜਿਆ ਹੈ।ਇਸ ਵਾਰ ਵੀ ਕਈ ਨਵੇਂ ਗਾਇਕਾਂ ਨੇ ਇਸ ਖੇਤਰ 'ਚ ਪ੍ਰਵੇਸ਼ ਕੀਤਾ ਜਿਨ੍ਹਾਂ ਵਿੱਚੋਂ ਕੁਝ ਕੁ ਗਾਇਕ ਲੋਕਾਂ ਦੇ ਮਨਾ'ਚ ਆਪਣਾ ਸਥਾਨ ਬਣਾਉਣ ਵਿੱਚ ਕਾਮਯਾਬ ਰਹੇ ਅਤੇ ਕੁਝ ਸੂਰਜ ਦੀ ਕਿਰਨਾਂ ਵਾਂਗ ਸ਼ਾਮ ਪੈਂਦਿਆਂ ਹੀ ਆਲੋਪ ਹੋ ਗਏ।ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੀ ਸੰਗੀਤ ਜਗਤ ਵਿੱਚ ਭਾਰੂ ਰਹੀ।ਮੰਦੀ ਦੇ ਬੱਦਲ ਇਸ ਵਰ੍ਹੇ ਵੀ ਸੰਗੀਤ ਜਗਤ ਉਪਰ ਪੂਰੀ ਤਰ੍ਹਾਂ ਛਾਏ ਰਹੇ।ਪ੍ਰਾਇਰੇਸੀ ਨੂੰ ਲੈ ਕੇ ਗਾਇਕਾ ਦਾ ਰੌਲਾ ਸਾਰਾ ਸਾਲ ਹੀ ਚੱਲਦਾ ਰਿਹਾ।ਪਰ ਗਾਇਕਾਂ ਦੀ ਆਪਸੀ ਫੁੱਟ ਦੀ ਗੱਲ ਕਿਸੇ ਪਾਸੇ ਨਹੀਂ ਲੱਗ ਸਕੀ।

        ਸਾਲ ਦੇ ਪਹਿਲੇ ਮਹੀਨਿਆਂ'ਚ ਬੇਸ਼ੱਕ 6 ਦਰਜ਼ਨ ਤੋਂ ਜ਼ਿਆਦਾ ਕੈਸਿਟਾਂ ਰਿਲੀਜ਼ ਹੋਈਆਂ ਜਿਨ੍ਹਾਂ 'ਚ ਸੁਣਨਯੋਗ ਅੱਧੀ ਦਰਜਨ ਮਸਾਂ ਹੀ ਹਨ ਬਾਕੀ ਤਾਂ ਮਿਸ ਪੂਜਾ ਨਾਲ ਨਵੇਂ ਉਠੇ ਗਵੱਈਆਂ ਨੇ ਹੀ ਧੂੜ 'ਚ ਟੱਟੂ ਹੀ ਭਜਾਇਆ।ਸਾਲ ਦੇ ਅਖ਼ਰੀਲੇ ਮਹੀਨਿਆਂ 'ਚ ਨਵੇਂ ਪਰ ਗਾਇਕੀ ਦੀ ਸੂਝ ਰੱਖਣ ਵਾਲੇ ਗਾਇਕਾਂ ਦੇ ਨਾਲ -ਨਾਲ ਕੁਝ ਪੁਰਾਣੇ ਗਾਇਕਾਂ ਦੀਆਂ ਕੈਸਿਟਾਂ ਸੁਣਨ ਨੂੰ ਮਿਲੀਆਂ ਜਿਨ੍ਹਾਂ ਨੂੰ ਸੁਣ ਕੇ ਥੋੜ੍ਹੀ ਬਹੁਤੀ ਆਸ ਬੱਝੀ ਕਿ ਪੰਜਾਬੀ ਸੱਭਿਆਚਾਰਕ ਗਾਇਕੀ ਦਾ ਦੀਵਾ ਅਜੇ ਬੁੱਝਿਆ ਨਹੀਂ,ਮੱਧਮ ਜ਼ਰੂਰ ਹੋਇਆ ਹੈ।ਜੇਕਰ ਅਸੀਂ ਗੱਲ ਕਰੀਏ ਇਸ ਸਾਲ ਦੀਆਂ ਸਫਲ ਜਾਂ ਚਰਚਿਤ ਕੈਸਿਟਾਂ ਦੀ ਤਾਂ ਸਭ ਤੋਂ ਪਹਿਲਾਂ ਜ਼ਿਕਰ ਗਾਇਕ ਸਤਿੰਦਰ ਸਰਤਾਜ ਦੀ ਕੈਸਿਟ 'ਇਬਾਦਤ' ਦਾ ਆਉਂਦਾ ਹੈ। ਸਤਿੰਦਰ ਸਰਤਾਜ ਪੰਜਾਬੀ ਗਾਇਕੀ 'ਚ ਪੈਰਾਸ਼ੂਟ ਰਾਹੀਂ ਉਤਰਿਆ ਗਾਇਕ ਹੈ। ਰਵਾਇਤੀ ਗਾਇਕੀ ਦਾ ਇਕ ਬਦਲ ਪੇਸ਼ ਕਰਨ ਵਾਲੇ ਇਸ ਗਾਇਕ ਨੇ ਪੁਰਾਤਨ ਲੀਹਾਂ ਤੋਂ ਹਟ ਕੇ ਕੁਝ ਵੱਖਰਾ ਗਾਉਣ ਦੀ ਕੋਸ਼ਿਸ਼ ਕੀਤੀ। ਸਰਤਾਜ ਦੀ ਇਸ ਕੋਸ਼ਿਸ਼ ਨੂੰ ਬੂਰ ਵੀ ਪਿਆ। ਬੇਸ਼ੱਕ ਸਰਤਾਜ ਦੇ ਗੀਤ ਲੋਕ ਇੰਟਰਨੈਟ (ਯੂ ਟਿਊਬ) ਜਾਂ ਉਸਦੀਆਂ ਮਹਿਫ਼ਲਾਂ ਰਾਹੀ ਸੁਣ ਚੁੱਕੇ ਹਨ।ਪਰ ਉਸਦੇ ਗੀਤਾਂ ਦਾ ਅੰਦਾਜ਼ ਬਦਲ ਕੇ ਇਸ ਵਰ੍ਹੇ ਸਪੀਡ ਰਿਕਾਰਡਜ਼ ਵੱਲੋਂ ਕੈਸਿਟ 'ਇਬਾਦਤ' ਰਿਲੀਜ਼ ਕੀਤੀ ਗਈ, ਜਿਸ ਨੂੰ ਚੁਫੇਰਿਓ ਹੈਰਾਨੀਜਨਕ ਹੁੰਗਾਰਾ ਮਿਲਿਆ।ਮਨਮੋਹਨ ਵਾਰਿਸ ਤੇ ਕਮਲ ਹੀਰ ਦੀ ਕੈਸਿਟ 'ਦਿਲ ਤੇ ਨਾ ਲਾਈ' ਵੀ ਬੇਹੱਦ ਪਸੰਦ ਕੀਤੀ ਗਈ।ਇਸ ਕੈਸਿਟ ਦਾ ਗੀਤ 'ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ' ਨੇ ਹਰ ਦਿਲ ਨੂੰ ਟੁੰਬਿਆ। ਇਸੇ ਕੈਸਿਟ ਦਾ ਗੀਤ 'ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ' ਵੀ ਬਹੁਤ ਸੁਣਿਆ ਗਿਆ।ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀ ਕੈਸਿਟ 'ਦਾ ਰੌਕ ਸਟਾਰ',ਹਰਭਜਨ ਮਾਨ ਦੀ 'ਵਾਰੀ ਵਾਰੀ', ਸੁਰਜੀਤ ਖਾਨ ਦੀ 'ਹੈਡ ਲਾਈਨ', ਸੁਰਜੀਤ ਭੁੱਲਰ ਦੀ 'ਅੰਬਰਾਂ ਦਾ ਚੰਨ' ਰਾਜ ਰਣਜੋਧ ਦੀ 'ਹਿਟਲਰ', ਰਾਜ ਕਾਕੜਾ ਦੀ 'ਪੰਜਾਬੀਓ ਚਿੜੀ ਬਣਨਾ ਜਾ ਬਾਜ਼' ਦਾ ਜ਼ਿਕਰ ਸਫਲ ਕੈਸਿਟਾਂ 'ਚ ਕੀਤਾ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਹਰਜੀਤ ਹਰਮਨ ਦੀ ਕੈਸਿਟ ' ਸ਼ਾਨ-ਏ-ਕੌਮ' ਤੇ ਤਾਨੀਆ ਗਿੱਲ ਦੀ 'ਰਾਜ ਕਰੇਗਾ ਖਾਸਲਾ' ਨੂੰ ਅੱਜ ਕੱਲ੍ਹ ਭਰਵਾ ਹੁੰਗਾਰਾ ਮਿਲ ਰਿਹਾ ਹੈ।

    ਇਸ ਤੋਂ ਇਲਾਵਾ ਇਸ ਵਰ੍ਹੇ ਦੀਆਂ ਜ਼ਿਕਰਯੋਗ ਕੈਸਿਟਾਂ 'ਚ ਨਿਰਮਲ ਸਿੱਧੂ ਦੀ ਧਾਰਮਿਕ ਕੈਸਿਟ 'ਖੈਰ ਕੀਜੈ ਬੰਦਗੀ', ''ਮਿਸ ਪੂਜਾ ਦੀ ਧਾਰਮਿਕ ਕੈਸਿਟ 'ਸਤਿਗੁਰੂ ਹੋਇਆ ਦਿਆਲ' ਤੇ 'ਗੋਲਡਨ ਗਰਲ, ਮਾਸਟਰ ਸਲੀਮ ਦੀ 'ਜਿੰਦ' ਜਸਬੀਰ ਜੱਸੀ ਦੀ 'ਬੈਕ ਵਿਦ ਬੈਗ',ਪੰਮੀ ਬਾਈ ਦੀ 'ਪੰਜਾਬੀਆਂ ਦੀ ਬੱਲੇ ਬੱਲੇ', ਭਗਵੰਤ ਮਾਨ ਦੀ 'ਆਵਾਜ਼', ਡੋਲੀ ਸਿੰਘ ਦੀ 'ਡਰੀਮ', ਜਸਵਿੰਦਰ ਬਰਾੜ ਦੀ 'ਪਿਆਰ', ਦੀਪਕ ਢਿੱਲੋਂ ਦੀ 'ਬੇਪ੍ਰਵਾਹ',ਸੁੱਖਾ ਗਿੱਲ ਦੀ 'ਬੀਅਰ ਵਰਗੀ',ਕੰਠ ਕਲੇਰ ਦੀ 'ਅਨਮੋਲ',ਰਵਿੰਦਰ ਗਰੇਵਾਲ ਦੀ 'ਦਿਨ',ਸ਼ੀਰਾ ਜਸਵੀਰ ਦੀ 'ਹਮਸਫਰ', ਇੰਦਰਜੀਤ ਨਿੱਕੂ ਦੀ 'ਖਾਲਸ', ਸੁਖਵਿੰਦਰ ਸੁੱਖੀ ਦੀ 'ਪਰਖ', ਸੁਖਸ਼ਿੰਦਰ ਸ਼ਿੰਦਾ ਦੀ 'ਜਾਦੂ',ਦੀਪ ਢਿੱਲੋਂ ਦੀ 'ਫੈਸ਼ਨ',ਬਲਜੀਤ ਮਾਲਵਾ ਦੀ 'ਤਰੱਕੀਆਂ',ਗੀਤਾ ਜੈਲਦਾਰ ਦੀ 'ਕਲੋਜ ਟੂ ਮੀ', ਪ੍ਰੀਤ ਬਰਾੜ ਦੀ 'ਮਹਿਬੂਬ', ਲਾਡੀ ਗਿੱਲ ਦੀ 'ਯਾਰ ਮੇਰਾ', ਗੁਰਸ਼ਰਨ ਬਿੰਦਰਖੀਆ ਦੀ 'ਡ੍ਰੀਮ ਗਰਲ',ਅਮਰ ਅਰਸ਼ੀ ਦੀ 'ਸਨੁੱਖਿਆ ਯਾਰਾ' ਰਣਜੀਤ ਰਾਣਾ ਦੀ 'ਦਿਲ 'ਚੋਂ ਭੁਲਾਉਣਾ','ਬਾਬੂ ਚੰਡੀਗੜ੍ਹੀਆਂ' 'ਬਾਗੀ ਮੁੰਡਾ',ਅੰਮ੍ਰਿਤ ਬਰਾੜ ਦੀ 'ਜੱਟ ਫੱਟੇ ਚੱਕ',ਲਵਲੀ ਨਿਰਮਾਣ ਦੀ 'ਬਰਥ ਡੇ', ਵੀਰ ਸੁਖਵੰਤ ਦੀ 'ਪਜੈਰੋ',ਗਿੱਲ ਹਰਦੀਪ ਦੀ 'ਗਿੱਲ ਹਰਦੀਪ ਲਾਈਵ' ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।ਇਸ ਤੋਂ ਕੁਝ ਕੁ ਨਵੇਂ ਗਾਇਕਾਂ ਦੀਆਂ ਕੈਸਿਟਾਂ ਵੀ ਲੋਕਾਂ ਦੀ ਨਿਗ੍ਹਾ ਜ਼ਰੂਰ ਚੜ੍ਹੀਆਂ।

         ਗੁਰਦਾਸ ਮਾਨ, ਅਮਰਿੰਦਰ ਗਿੱਲ, ਬੱਬੂ ਮਾਨ, ਸਰਬਜੀਤ ਚੀਮਾ, ਹੰਸ ਰਾਜ ਹੰਸ, ਨਛੱਤਰ ਗਿੱਲ,ਦੇਬੀ ਮਖਸੂਸਪੁਰੀ,ਹਰਿੰਦਰ ਸੰਧੂ, ਮਾਸ਼ਾਅਲੀ, ਗੁਰਵਿੰਦਰ ਬਰਾੜ, ਪ੍ਰੀਤ ਹਰਪਾਲ, ਜੀਤ ਜਗਜੀਤ, ਗੁਰਕ੍ਰਿਪਾਲ ਸੁਰਾਪੂਰੀ, ਸਤਵਿੰਦਰ ਬੁੱਗਾ, ਰਾਜ ਬਰਾੜ,ਜੱਸੀ ਸੋਹਲ। ਮੁਹੰਮਦ ਸੁਦੀਕ, ਫਿਰੋਜ਼ ਖਾਨ, ਗੁਲਜਾਰ ਲਾਹੌਰੀਆ, ਬੂਟਾ ਮਹੁੰਮਦ, ਬਲਬੀਰ ਬੋਪਾਰਾਏ, ਸਤਵਿੰਦਰ ਬਿੱਟੀ, ਨਰਿੰਦਰ ਖੇੜੀਮਾਨੀਆ, ਪਰਮਿੰਦਰ ਸੰਧੂ ਵਰਗੇ ਗਾਇਕਾਂ ਦੀਆਂ ਕੈਸਿਟਾਂ ਇਸ ਵਰ੍ਹੇ ਨਹੀਂ ਸੁਣਨ ਨੂੰ ਮਿਲੀਆਂ।  

    ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਚਾਰ ਦਰਜਨ ਦੇ ਕਰੀਬ ਨਵੇਂ ਗਾਇਕਾਂ ਨੇ ਸੰਗੀਤ ਜਗਤ 'ਚ ਪੈਰ ਧਰਿਆ ਪਰ ਸਫ਼ਲਤਾ ਉਨ੍ਹਾਂ ਦੇ ਪੱਲੇ ਹੀ ਪਈ ਜਿਨ੍ਹਾਂ ਸੰਗੀਤ ਦੀਆਂ ਬਰੀਕੀਆਂ ਸਿੱਖਣ ਤੋਂ ਬਾਅਦ ਇਸ ਖੇਤਰ 'ਚ ਨਵੀਆਂ ਪੈੜਾਂ ਪਾਉਣ ਦਾ ਜਿਗਰਾ ਕੀਤਾ। ਇਸ ਸਾਲ ਦੇ ਸਫਲ ਰਹੇ ਨਵੇਂ ਗਾਇਕਾਂ 'ਚ ਸਭ ਤੋਂ ਪਹਿਲਾਂ ਸ਼ੈਰੀ ਮਾਨ ਦਾ ਜਿਕਰ ਕਰਨਾ ਬਣਦਾ ਹੈ।ਇਸ ਗਾਇਕ ਦਾ ਗੀਤ 'ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ' ਇਸ ਸਾਲ ਬੇਹੱਦ ਜਿਆਦਾ ਸੁਣਿਆ ਗਿਆ।ਖਾਸ ਗੱਲ ਇਹ ਹੈ ਕਿ ਸ਼ੈਰੀ ਦਾ ਇਹ ਗੀਤ ਆਧੁਨਿਕ ਮੀਡੀਆ 'ਇੰਟਰਨੈਟ ' ਰਾਹੀਂ ਲੋਕਾਂ ਦੇ ਕੰਨਾਂ ਤੱਕ ਪਹੁੰਚਿਆ। ਸ਼ੈਰੀ ਦੇ ਇਸ ਗੀਤ ਦੀ ਸਫਲਤਾ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਸਪੀਡ ਰਿਕਾਰਡਜ਼ ਵੱਲੋਂ ਉਸਦੀ ਕੈਸਿਟ 'ਯਾਰ ਅਣਮੁੱਲੇ ' ਮਾਰਕੀਟ ਵਿੱਚ ਭੇਜੀ ਗਈ ਹੈ। ਇਸੇ ਤਰ੍ਹਾਂ ਹੀ ਪੰਜਾਬੀ ਯੂਨੀਵਰਸਿਟੀ ਤੋਂ ਮਿਊਜ਼ਿਕ ਦੀ ਪੀ.ਐਚ.ਡੀ. ਕਰ ਰਹੇ ਗਾਇਕ ਕੁਲਵਿੰਦਰ ਬਿੱਲਾ ਦੀ ਕਿਸਮਤ ਦੇ ਸਿਤਾਰੇ ਚਮਕੇ।ਬਿੱਲੇ ਦਾ ਗੀਤ 'ਤੇਰਾ ਕਾਲੇ ਰੰਗ ਦਾ ਯਾਰ,ਮੈਨੂੰ ਕੁੜੀਆਂ ਕਹਿੰਦੀਆਂ' ਚਰਚਾ 'ਚ ਰਹੇ।ਇਸ ਗੀਤ ਨੂੰ ਹਰ ਪਾਸੇ ਮਿਲੇ ਹੁੰਗਾਰੇ ਤੋਂ ਬਾਅਦ ਹੀ ਉਸਦੀ ਕੈਸਿਟ 'ਕੋਈ ਖਾਸ' ਮਾਰਕੀਟ ਵਿੱਚ ਆਈ ਹੈ।ਇਸ ਤੋਂ ਇਲਾਵਾ ਨਿਸ਼ਾਨ ਭੁੱਲਰ, ਸ਼ਮਸ਼ੇਰ ਚੀਨਾ, ਦਿਲਬਾਗ ਚਾਹਲ ਤੇ ਰਾਜ ਰਣਜੋਧ ਨੂੰ ਵੀ ਚੰਗਾ ਹੁੰਗਾਰਾ ਮਿਲਿਆ।ਹੋਰ ਵੀ ਕਈ ਨਵੇਂ ਗਾਇਕ ਇਸ ਸਾਲ ਆਪਣਾ ਮੁਕਾਮ ਬਣਾਉਣ 'ਚ ਸਫਲ ਰਹੇ ਹਨ,ਜਿਨ੍ਹਾਂ ਦਾ ਜਿਕਰ ਨਾ ਕੀਤੇ ਜਾਣ ਕਾਰਨ ਖਿਮਾ ਦੇ ਜਾਚਕ ਹਾਂ।

         ਇਸ ਸਾਲ ਸੋਲੇ ਗਾਇਕੀ ਦੇ ਨਾਲ- ਨਾਲ ਦੋਗਾਣਾ ਗਾਇਕੀ ਦਾ ਦੌਰ ਵੀ ਚੱਲਦਾ ਰਿਹਾ ਹੈ।ਪਰ ਪਿਛਲੇ ਸਾਲ ਨਾਲੋਂ ਇਸ ਸਾਲ ਦੋਗਾਣਾ ਗਾਇਕੀ ਦਾ ਰੰਗ ਫਿੱਕਾ ਜਾਪਿਆ।ਬੇਸ਼ੱਕ ਇਸ ਵਰ੍ਹੇ ਦਰਜਨਾਂ ਡਿਊਟ ਕੈਸਿਟਾਂ ਆਈਆਂ ਪਰ ਬਹੁਤੀਆਂ ਗਾਇਕ ਜੋੜੀਆਂ ਪੰਜਾਬੀ ਸੱਭਿਆਚਾਰ ਦੀ ਮਿੱਟੀ ਹੀ ਪੁੱਟਦੀਆਂ ਰਹੀਆਂ।ਅਜਿਹੇ ਗਾਇਕਾਂ ਦਾ ਅਸੀਂ ਇਸ ਲੇਖ 'ਚ ਜ਼ਿਕਰ ਕਰਨਾ ਮੁਨਾਸਬ ਨਹੀਂ ਸਮਝਦੇ।ਮਿਸ ਪੂਜਾ ਦੀ ਹਰ ਨਵੇਂ ਉੱਠੇ ਗਾਇਕ ਨਾਲ ਗਾਉਣ ਦੀ ਬਿਰਤੀ ਇਸ ਸਾਲ ਵੀ ਪੰਜਾਬੀ ਸੱਭਿਆਚਾਰ ਲਈ ਨਿੰਦਣਯੋਗ ਹੀ ਰਹੀ ਹੈ,ਪਰ ਇਸ ਸਾਲ ਮਿਸ ਪੂਜਾ ਨੂੰ ਉਨ੍ਹਾਂ ਹੁੰਗਾਰਾ ਨਹੀਂ ਮਿਲਿਆ ਜਿੰਨਾ ਪਿਛਲੇ ਵਰ੍ਹੇ (2009) ਵਿੱਚ ਮਿਲਿਆ ਸੀ। ਅਸਲ 'ਚ ਮਿਸ ਪੂਜਾ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਪੈਰ ਧਰਿਆ। ਉਸਦੀਆਂ ਰਿਲੀਜ਼ ਹੋਈਆਂ ਦੋ ਫ਼ਿਲਮਾਂ 'ਪੰਜਾਬਣ' ਤੇ 'ਚੰਨਾ ਸੁੱਚੀ ਮੁੱਚੀ' ਨੂੰ ਦਰਸ਼ਕਾਂ ਨੇ ਸਿਰੇ ਤੋਂ ਨਾਕਾਰ ਦਿੱਤਾ ਜਿਸ ਕਾਰਨ ਪੂਜਾ ਦੀ ਛਵੀ ਸਰੋਤਿਆਂ ਦੇ ਮਨਾਂ'ਚ ਲਗਾਤਾਰ ਬਦਲ ਰਹੀ ਹੈ।

        ਦੋਗਾਣਿਆਂ ਦੀਆਂ ਸੁਰਜੀਤ ਭੁੱਲਰ,ਵੀਰ ਸੁਖਵੰਤ, ਪ੍ਰੀਤ ਬਰਾੜ,ਦੀਪ ਢਿੱਲੋਂ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਸਤਵਿੰਦਰ ਲਵਲੀ, ਜਤਿੰਦਰ ਗਿੱਲ ਤੋਂ ਇਲਾਵਾ 3 ਦਰਜਨ ਦੇ ਕਰੀਬ ਹੋਰ ਗਾਇਕਾਂ ਦੀਆਂ ਕੈਸਿਟਾਂ ਆਈਆਂ।ਬਹੁਤੇ ਗਾਇਕਾਂ ਨੇ ਪੂਜਾ ਦੇ ਹੀ ਪੈਰਾਂ 'ਤੇ ਉਡਣ ਦੀ ਕੋਸ਼ਿਸ਼ ਕੀਤੀ।ਚਰਚਿਤ ਗਾਇਕਾ ਜਸਪਿੰਦਰ ਨਰੂਲਾ, ਸੁਦੇਸ਼ ਕੁਮਾਰੀ,ਪ੍ਰਵੀਨ ਭਾਟਾ ਨੇ ਇਸ ਵਰ੍ਹੇ ਵੀ ਆਪਣਾ ਮਿਆਰ ਸਥਾਪਤ ਰੱਖਿਆ। ਗਾਇਕਾਂ ਦੇ ਗੀਤਾਂ ਉਪਰ ਥਿਰਕ ਥਿਰਕ ਕੇ ਆਰਕੈਸਟਰਾਂ ਗਰੁੱਪ ਵਾਲਿਆਂ ਨੇ ਵੀ ਆਪਣੀ  ਚੰਗੀ ਰੋਜ਼ੀ ਰੋਟੀ ਤੋਰੀ ਰੱਖੀ।

         ਇਸ ਵਰ੍ਹੇ 'ਗੁਲਦਸਤਾ' ਦੇ ਰੂਪ ਵਿੱਚ ਬਹੁਤ ਸਾਰੇ ਗਾਇਕਾਂ ਦੀਆਂ ਮਲਟੀ ਕੈਸਿਟਾਂ ਵੀ ਸੁਣਨ ਨੂੰ ਮਿਲੀਆਂ ਜਿਸ ਨਾਲ ਕਈ ਨਵੇਂ ਗਾਇਕਾਂ ਨੂੰ ਵੀ ਥੋੜੇ ਪੈਸੇ ਖਰਚ ਕੇ ਲੋਕਾਂ ਸਾਹਮਣੇ ਆਪਣੀ ਕਲਾ ਦਾ ਮੁਜਾਹਰਾ ਕਰਨ ਦਾ ਮੌਕਾ ਮਿਲਿਆ।ਇਸ ਦੇ ਨਾਲ ਹੀ ਗਾਇਕਾਂ ਦਾ 'ਹੀਰੋ' ਬਣਨ ਦਾ ਸਫਰ ਵੀ ਲਗਾਤਾਰ ਜਾਰੀ ਰਿਹਾ ਹੈ।

        ਕੁੱਲ ਮਿਲਾ ਕੇ ਇਹ ਸਾਲ ਪੰਜਾਬੀ ਸੰਗੀਤ ਜਗਤ ਲਈ ਠੰਢਾ, ਮੱਠਾ ਹੀ ਰਿਹਾ।ਸਫਲਤਾ ਉਨ੍ਹਾਂ ਲੋਕਾਂ ਦੇ ਹਿੱਸੇ ਆਈ ਜੋ ਲੋਕ ਸਰੋਤਿਆਂ ਦੀ ਰਮਜ ਨੂੰ ਪਛਾਣਦੇ ਹੋਏ ਲੀਕ ਤੋਂ ਹਟਵਾ ਕਰਨ 'ਚ ਕਾਮਯਾਬ ਰਹੇ।ਸਰੋਤਿਆਂ ਸਾਹਮਣੇ ਕੁਝ ਵੱਖਰਾ ਰੱਖਣ ਵਾਲੇ ਗੀਤਕਾਰ, ਗਾਇਕ, ਸੰਗੀਤਕਾਰ ਤੇ ਮਿਊਜ਼ਿਕ ਡਾਇਰੈਕਟਰ ਇਸ ਵਰ੍ਹੇ ਸਫ਼ਲਤਾ ਦੀ ਪੌੜੀ ਜ਼ਰੂਰ ਚੜ੍ਹੇ ਪਰ ਉਸ ਪੌੜੀ 'ਤੇ ਉਹ ਕਿੰਨਾ ਚਿਰ ਟਿਕੇ ਰਹਿੰਦੇ ਹਨ ਇਸ ਦਾ ਪਤਾ ਅਗਲੇ ਸਾਲ 'ਚ ਹੀ ਲੱਗ ਸਕੇਗਾ। ਖ਼ੈਰ ਆਸ ਕਰਦੇ ਹਾਂ ਕਿ ਇਸ ਸਾਲ ਜੋ ਲੋਕ ਸਫਲਤਾ ਪੱਖੋਂ ਊਣੇ ਰਹੇ ਉਹ ਆਪਣੀਆਂ ਗਲਤੀਆਂ, ਖਾਮੀਆਂ 'ਚ ਸੁਧਾਰ ਕਰਦੇ ਹੋਏ ਇਸ ਨਵੇਂ ਚੜ੍ਹ ਰਹੇ ਸਾਲ 'ਚ ਜ਼ਰੂਰ ਬੇਹਤਰ ਕਰਨ ਦੀ ਕੋਸ਼ਿਸ਼ ਕਰਨਗੇ।ਸ਼ਾਲਾ! ਨਵਾਂ ਸੰਗੀਤ ਜਗਤ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ।ਹਰ ਇਕ ਦੀ ਮਿਹਨਤ ਦਾ ਮੁੱਲ ਪਵੇ।ਪੰਜਾਬੀ ਮਾਂ ਬੋਲੀ ਦੀ ਮਿੱਟੀ ਪੁੱਟਣ ਵਾਲੇ ਅੱਖੋਂ ਲਾਭੇ ਹੋਣ 'ਤੇ ਸੱਭਿਆਚਾਰਕ ਸ਼ੁਦਾਈਆਂ ਨੂੰ ਲੋਕ ਪਲਕਾ ਦੀ ਛਾਵੇ ਬਿਠਾਉਣ।

ਸਪਨ ਮਨਚੰਦਾ
95016 33900


       

 

 

            
 

ਲੈਸਟਰ 'ਚ ਪਾਈਆਂ ਵਾਰਿਸ ਭਰਾਵਾਂ ਨੇ ਧੁੰਮਾਂ, 'ਪੰਜਾਬੀ ਵਿਰਸਾ 2010' ਦੀ ਸ਼ੂਟਿੰਗ ਜਾਰੀ

Attention: open in a new window. PDFPrintE-mail

Thursday, 01 July 2010 07:47

ਚੰਡੀਗੜ੍ਹ/ ਸਾਡਾ ਚੈਨਲ ਬਿਊਰੋ
ਵਾਰਿਸ ਭਰਾਵਾਂ ਦੀ ਇੰਗਲੈਂਡ ਵਿਚਲੀ 'ਪੰਜਾਬੀ ਵਿਰਸਾ 2010' ਲੜੀ ਦੀ ਚੌਥੀ ਪੌੜੀ ਨੇ ਜਿਥੇ ਲੈਸਟਰ ਵਾਸੀਆਂ ਨੂੰ ਸੰਜੀਦਾ ਗਾਇਕੀ ਨਾਲ ਸਵਾਦ ਗੜੂੰਦ ਕੀਤਾ, ਉਥੇ ਹਰ ਕਿਸੇ ਨੂੰ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਕਿ ਚੰਗੇ ਗੀਤਾਂ ਤੇ ਸ਼ੇਅਰਾਂ ਨਾਲ ਵੀ ਹਾਜ਼ਰੀਨ ਦਾ ਦਿਲ ਜਿੱਤਿਆ ਜਾ ਸਕਦਾ ਹੈ। ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਪੇਸ਼ ਵੰਡੇ ਗਏ ਪੰਜਾਬ ਦੇ ਦੁਖਾਂਤ ਅਤੇ ਵਿਰਸੇ ਦੇ ਰੰਗ ਨੂੰ ਮਾਨਣ ਦੀ ਬਾਤ ਪਾਉਂਦੇ ਗੀਤਾਂ ਤੇ ਸ਼ੇਅਰਾਂ ਨੇ ਹਰ ਦਰਸ਼ਕ ਨੂੰ ਕੀਲ ਦਿੱਤਾ। 'ਵੰਨ ਵਰਲਡ ਪ੍ਰੋਡਕਸ਼ਨ' ਦੇ ਕੁਲਵਿੰਦਰ ਸਿੰਘ ਉੱਪਲ, ਰਵੀ ਖਹਿਰਾ ਤੇ ਸੰਜੇ ਭਾਰਦਵਾਜ ਵੱਲੋਂ ਕਰਵਾਏ ਗਏ 'ਦੀ ਕਰਵ ਥੀਏਟਰ' ਵਿਚਲੇ ਇਸ ਸ਼ੋਅ ਵਿਚ ਤਿਲ ਸੁੱਟਣ ਜੋਗੀ ਜਗ੍ਹਾ ਵੀ ਬਾਕੀ ਨਹੀਂ ਸੀ ਬਚੀ। ਪ੍ਰੋਗਰਾਮ ਦਾ ਮੰਚ ਸੰਚਾਲਨ ਸ਼ਿੰਗਾਰਾ ਸਿੰਘ ਅਤੇ ਦੀਦਾਰ ਬਾਹਰਾ ਵੱਲੋਂ ਸਾਂਝੇ ਰੂਪ ਵਿਚ ਕੀਤਾ ਗਿਆ। ਉਨ੍ਹਾਂ ਜਿਉਂ ਹੀ ਸੰਗਤਾਰ ਨੂੰ ਸਟੇਜ 'ਤੇ ਸੱਦਾ ਦਿੱਤਾ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਸੰਗਤਾਰ ਨੇ ਆਉਂਦਿਆਂ ਹੀ ਦਿਲ ਟੁੰਬਵੇਂ ਸ਼ੇਅਰਾਂ ਦੀ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ। ਕਮਲ ਚਿਮਟਾ ਹੱਥ ਵਿਚ ਫੜੀ ਮਸਤ ਮੌਲੇ ਅੰਦਾਜ਼ ਵਿਚ ਸਟੇਜ 'ਤੇ ਹਾਜ਼ਰ ਹੋਇਆ। 'ਖੌਰੇ ਹੋਈ ਜਾਂਦਾ ਮੈਨੂੰ ਕੀ' ਤੋਂ ਲੈ ਕੇ 'ਜਿੰਦੇ ਨੀਂ ਜਿੰਦੇ ਤੱਕ' ਗੀਤਾਂ ਦੀ ਹਨੇਰੀ ਨੇ ਦਰਸ਼ਕਾਂ ਨੂੰ ਕੀਲ ਕੇ ਘੰਟਿਆਂ ਬੱਧੀ ਬਿਠਾਈ ਰੱਖਿਆ। ਮਨਮੋਹਨ ਦੀ ਤੂੰਬੀ ਦੀ ਤੁਣਕ...ਤੁਣ ਦਾ ਵੀ ਹਾਜ਼ਰੀਨ ਨੇ ਤਾੜੀਆਂ ਤੇ ਚੀਕਾਂ ਨਾਲ ਸਵਾਗਤ ਕੀਤਾ ਤਾਂ 'ਗ਼ੈਰਾਂ ਨਾਲ ਪੀਂਘਾਂ ਝੂਟਟੀਦੇ' ਤੋਂ ਲੈ ਕੇ 'ਖੁੱਲ੍ਹੇ ਖਾਤੇ' ਤੱਕ ਹਰ ਵੰਨਗੀ ਦੇ ਗੀਤ ਪੇਸ਼ ਕਰਕੇ ਪੂਰੀ ਬਹਿਜਾ-ਬਹਿਜਾ ਕਰਵਾਈ। ਇਸ ਪ੍ਰੋਗਰਾਮ ਦੇ ਮੁੱਖ ਪ੍ਰਾਹੁਣਿਆਂ ਵਜੋਂ ਜਗਦੀਪ ਕੌਰ ਤੇ ਇੰਦੂ ਜੌਹਲ, ਅਮਰਜੀਤ ਧਾਮੀ, ਟੋਨੀ ਬੈਂਸ ਤੇ ਸੁੱਖੀ ਵਿਰਕ ਸ਼ਾਮਿਲ ਹੋਏ। ਸ਼ੋਅ ਦੀ ਸਮਾਪਤੀ ਤੋਂ ਬਾਅਦ ਹਰ ਇੱਕ ਮੂੰਹੋਂ ਇਹ ਗੱਲ ਸਹਿਜ ਸੁਭਾਅ ਨਿਕਲ ਰਹੀ ਸੀ ਕਿ ਲਾਈਵ ਦੀ ਪਿਰਤ ਪਾਉਣ ਵਾਲੀ ਵਾਰਿਸ ਭਰਾਵਾਂ ਦੀ ਤਿੱਕੜੀ ਦਾ ਕੋਈ ਬਦਲ ਨਹੀਂ।
(7 votes, average 3.71 out of 5)
   

ਗੁਰੂਹਰਸਹਾਏ ਨੇੜੇ ਝਾਵਲਾ 'ਚ ਪੀਰ ਬਾਬਾ ਦੀ ਯਾਦ 'ਚ ਸਲਾਨਾ ਮੇਲਾ, ਨਵੇਂ ਪੁਰਾਣੇ ਗਾਇਕਾਂ ਨੇ ਰੰਗ ਬੰਨ੍ਹਿਆ

Attention: open in a new window. PDFPrintE-mail

Wednesday, 30 June 2010 08:21

ਚੰਡੀਗੜ੍ਹ/ ਸਾਡਾ ਚੈਨਲ ਬਿਊਰੋ

ਨਜ਼ਦੀਕੀ ਪਿੰਡ ਝਾਵਲਾ ਵਿਖੇ ਪੀਰ ਬਾਬਾ ਜਾਨੇਸ਼ਾਹ ਦੀ ਯਾਦ ਵਿਚ ਲੱਗਣ ਵਾਲਾ ਸਲਾਨਾ ਮੇਲਾ ਇਸ ਵਾਰ ਵੀ ਬੜੀ ਧੂਮ-ਧਾਮ ਤੇ ਸ਼ਰਧਾ ਪੂਰਵਕ ਮਨਾਇਆ ਗਿਆ। ਦੂਰ-ਨੇੜੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਪੀਰ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਪੰਜਾਬੀ ਲੋਕ ਗਾਇਕ ਜੋੜੀ ਸੋਨੀ ਮਹਿਮੇਵਾਲੀਆਂ ਤੇ ਬੀਬਾ ਸੀਮਾ ਗਿੱਲ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਪੰਜਾਬੀ ਗਾਇਕ ਸੁਖਦੇਵ ਸੁੱਖਾ ਨੇ ਵੀ ਆਪਣੇ ਗੀਤਾਂ ਰਾਹੀ ਲੋਕਾਂ ਨੂੰ ਨੱਚਣ ਤੇ ਮਜ਼ਬੂਰ ਕਰ ਦਿੱਤਾ। ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੀਰ ਬਾਬਾ ਜਾਨੇਸ਼ਾਹ ਮੇਲਾ ਕਮੇਟੀ ਨੂੰ ਐਲਾਨੀ 11 ਹਜ਼ਾਰ ਦੀ ਰਾਸ਼ੀ ਦੇਣ ਲਈ ਉਹਨਾਂ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਸਮੇਂ ਨਸੀਬ ਸਿੰਘ ਸੰਧੂ ਦੇ ਨਾਲ ਕੇਵਲ ਕ੍ਰਿਸ਼ਨ ਗਲਹੋਤਰਾ ਸ਼ਹਿਰੀ ਪ੍ਰਧਾਨ, ਅਨਿਲਜੀਤ ਸਿੰਘ ਬੇਦੀ ਅਤੇ ਹੋਰ ਪਤਵੰਤਿਆਂ ਨੇ ਵੀ ਹਾਜ਼ਰੀ ਲਵਾਈ। ਨਸੀਬ ਸਿੰਘ ਸੰਧੂ ਨੇ ਇਸ ਮੌਕੇ ਮੇਲਾ ਕਮੇਟੀ ਦੇ ਪ੍ਰਬੰਧਕਾਂ ਨੂੰ ਰਾਣਾ ਸੋਢੀ ਵੱਲੋਂ ਭੇਜੀ 11 ਹਜ਼ਾਰ ਰਾਸ਼ੀ ਭੇਂਟ ਕੀਤੀ ਅਤੇ ਮੇਲਾ ਕਮੇਟੀ ਅਤੇ ਸਮੂਹ ਪ੍ਰਬੰਧਕਾਂ ਨੂੰ ਮੇਲਾ ਲਗਵਾਉਣ ਤੇ ਵਧਾਈ ਦਿੱਤੀ। ਇਸ ਮੌਕੇ ਜੋਗਿੰਦਰਪਾਲ ਪ੍ਰਧਾਨ, ਗੁਰਬਚਨ ਸਿੰਘ, ਮੰਗਾਂ ਬਿੰਦਰਾ, ਸੋਨੂੰ ਬਿੰਦਰਾ, ਰਿੰਕੂ ਅਬਰੋਲ, ਪ੍ਰੇਮ ਕੁਮਾਰ ਚਮਕੀਲਾ, ਹਰਮੇਸ਼, ਰਾਜੂ, ਗੌਰਵ, ਬਾਬਾ ਸ਼ਰੀਫ, ਹਨੀਫ਼ ਮੈਂਬਰ ਪੰਚਾਇਤਾ, ਬਗੀਚਾ ਸਿੰਘ ਅਤੇ ਸਮੂਹ ਮੇਲਾ ਕਮੇਟੀ ਪ੍ਰਬੰਧਕਾਂ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ।


 

ਲੰਡਨ 'ਚ ਪੰਜਾਬੀਅਤ ਦੀ ਖੁਸ਼ਬੋ ਖਿਲਾਰ ਗਿਆ ਵਾਰਿਸ ਭਰਾਵਾਂ ਦਾ ਸ਼ੋਅ 'ਪੰਜਾਬੀ ਵਿਰਸਾ 2010'

Attention: open in a new window. PDFPrintE-mail

Monday, 21 June 2010 12:00

ਚੰਡੀਗੜ੍ਹ/ ਸਾਡਾ ਚੈਨਲ ਬਿਊਰੋ
ਵਾਰਿਸ ਭਰਾਵਾਂ ਵੱਲੋਂ ਲੀਡਜ਼ ਦੇ ਟਾਊਨ ਹਾਲ 'ਚ ਕਰਵਾਏ ਗਏ 'ਪੰਜਾਬੀ ਵਿਰਸਾ 2010' ਸ਼ੋਅ ਨੂੰ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਦੇਣ 'ਚ ਜਿਹੜੀ ਕਾਮਯਾਬੀ ਹਾਸਲ ਕੀਤੀ ਗਈ, ਉਹ ਉਥੇ ਵਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਲੰਮਾ ਸਮਾਂ ਚੇਤੇ ਰਹੇਗੀ। ਜਦੋਂ ਵਾਰਿਸ ਭਰਾਵਾਂ ਨੇ ਆਪਣੇ ਸਾਫ਼-ਸੁਥਰੇ ਗੀਤਾਂ ਤੇ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਪੇਸ਼ ਕਰਦੀ ਸ਼ੇਅਰੋ-ਸ਼ਾਇਰੀ ਹਾਜ਼ਰੀਨ ਅੱਗੇ ਪੇਸ਼ ਕੀਤੀ ਤਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਰੋਤੇ ਮੰਤਰ ਮੁਗਧ ਹੋਏ ਬਿਨਾਂ ਨਾ ਰਹਿ ਸਕੇ। 'ਵੰਨ ਵਰਲਡ ਪ੍ਰੋਡਕਸ਼ਨ' ਦੇ ਬੈਨਰ ਹੇਠ ਕੁਲਵਿੰਦਰ ਉੱਪਲ ਤੇ ਰਵੀ ਖਹਿਰਾ ਵੱਲੋਂ ਕਰਵਾਏ ਇਸ ਸ਼ੋਅ ਦੀ ਖਾਸੀਅਤ ਇਹ ਸੀ ਕਿ ਇਸ ਸ਼ੋਅ ਦਾ ਆਨੰਦ ਸਾਂਝੇ ਪੰਜਾਬ ਦੇ ਸਰੋਤਿਆਂ ਨੇ ਮਿਲ ਕੇ ਮਾਣਿਆ। ਮਨਮੋਹਨ ਵਰਿਸ, ਕਮਲ ਹੀਰ ਤੇ ਸੰਗਤਾਰ ਦੀ ਗਾਇਕੀ 'ਚ ਮਸਤ ਚੜ੍ਹਦੇ ਪੰਜਾਬ ਦੇ ਦਰਸ਼ਕਾਂ ਨੂੰ ਵੀ ਪੁਰਾਣੇ ਪੰਜਾਬ ਦਾ ਚੇਤਾ ਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 'ਸਾਂਝਾ ਪੰਜਾਬ ਰੇਡੀਓ' ਦੇ ਅਪਿੰਦਰ ਸਿੰਘ ਵੱਲੋਂ ਵਾਰਿਸ ਭਰਾਵਾਂ ਨੂੰ ਮੰਚ 'ਤੇ ਬੁਲਾ ਕੇ ਕੀਤੀ ਗਈ। ਵਾਰਿਸ ਭਰਾਵਾਂ ਵੱਲੋਂ 'ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ' ਤੋਂ ਬਾਅਦ 'ਤੁਸੀਂ ਵੱਸਦੇ ਰਹੋ ਪਰਦੇਸੀਓ' ਗੀਤ ਪੇਸ਼ ਕਰਕੇ ਹਾਜ਼ਰੀਨ ਨੂੰ ਮੋਹਿਤ ਕਰ ਦਿੱਤਾ ਗਿਆ।
ਫੇਰ ਸੰਗਤਾਰ ਤੇ ਕਮਲ ਹੀਰ ਨੇ ਆਪਣੇ ਚਰਚਿਤ ਗੀਤਾਂ ਨਾਲ ਹਾਜ਼ਰੀ ਲਗਵਾਈ। ਉਸ ਤੋਂ ਬਾਅਦ ਮਨਮੋਹਨ ਵਾਰਿਸ ਦੀ ਹਾਜ਼ਰੀ ਵੇਲ਼ੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ਸ਼ੋਅ ਵਿਚ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ.ਦੀਪਕ ਬਾਲੀ, ਪਿੰਦੂ ਜੌਹਲ, 'ਪੰਜਾਬ ਰੇਡੀਓ' ਤੋਂ ਸੁਰਜੀਤ ਸਿੰਘ ਘੁੰਮਣ, ਟੋਨੀ ਬੈਂਸ, ਅਮਰਜੀਤ ਧਾਮੀ, ਸਾਬ੍ਹੀ ਰੰਧਾਵਾ, ਸੁਖਦੇਵ ਸਿੰਘ ਬੁੱਧੂ ਤੇ ਸਖੀ ਵਿਰਕ ਵੀ ਸ਼ਾਮਿਲ ਸਨ।
 
   

Page 1 of 3

Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News