
ਨੂਰਪੁਰ ਬੇਦੀ :- ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਪਿਛਲੇ ਸਾਲਾ ਦੌਰਾਨ ਖੇਤਾਂ ਵਿਚ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੋਰ ਕਿਸਾਨਾਂ ਲਈ ਰਾਹ ਦਸੇਰਾ ਦੱਸ ਰਹੇ ਹਨ। ਅਜਿਹੇ ਕਿਸਾਨ ਮੋਜੂਦਾ ਦੌਰ ਵਿਚ ਹੋਰ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਰਹੇ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਮੇਂ ਸਮੇਂ ਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾ ਕੇ ਮਾਹਿਰਾ ਰਾਹੀ ਕਿਸਾਨਾਂ ਨੂੰ ਇਹ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ, ਜਮੀਨ ਦੀ ਸਿਹਤ ਵੀ ਖਰਾਬ ਨਹੀ ਹੁੰਦੀ,ਪਾਣੀ ਦੀ ਘੱਟ ਵਰਤੋਂ ਅਤੇ ਫਰਟੀਲਾਈਜਰ ਕੀਟਨਾਸ਼ਕ ਦੀ ਵਰਤੋਂ ਵਿਚ ਵੀ ਕਮੀ ਆਉਦੀ ਹੈ।
ਇਸ ਨਾਲ ਕਿਸਾਨ ਦਾ ਖਰਚਾ ਘੱਟ ਜਾਂਦਾ ਹੈ ਅਤੇ ਮੁਨਾਫਾ ਚੋਖਾ ਹੋ ਜਾਂਦਾ ਹੈ। ਜਮੀਨ ਵਿਚ ਮਿੱਤਰ ਕੀੜੇ ਵੀ ਇਸ ਤਰਾਂ ਨਸ਼ਟ ਨਹੀ ਹੁੰਦੇ ਅਤੇ ਵਾਤਾਵਰਣ ਤੇ ਪੋਣ ਪਾਣੀ ਵਿਚ ਵੀ ਸੁਧਾਰ ਹੋ ਰਿਹਾ ਹੈ। ਧੂੰਏ ਨਾਲ ਮਨੁੱਖੀ ਸਿਹਤ ਅਤੇ ਜੀਵ ਜੰਤੂਆ, ਪਸੂ/ਪੰਛੀਆਂ ਨੂੰ ਬਿਮਾਰੀਆਂ ਲਗਦੀਆਂ ਹਨ ਤੇ ਉਹ ਜਾਨਲੇਵਾ ਸਿੱਧ ਹੋ ਸਕਦੀਆਂ ਹਨ। ਕਰੋਨਾ ਕਾਲ ਦੌਰਾਨ ਜਦੋ ਅਸੀ ਵਾਈਰਸ ਨਾਲ ਲੜ ਰਹੇ ਹਾਂ, ਅਜਿਹੇ ਵਿਚ ਲਾਗ ਦਾ ਖਤਰਾ ਵੱਧ ਜਾਂਦਾ ਹੈ। ਮੁੱਖ ਖੇਤੀਬਾੜੀ ਅਫਸਰ ਅਵਤਾਰ ਸਿੰਘ ਨੇ ਦੱਸਿਆ ਕਿ ਨੇ ਦੱਸਿਆ ਕਿ ਜਿਲ੍ਹੇ ਦੇ ਪੰਜ ਬਲਾਕਾਂ ਵਿਚ ਸਾਡੇ ਖੇਤੀਬਾੜੀ ਅਫਸਰ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਬਾਰੇ ਜਾਣਕਾਰੀ ਦੇ ਰਹੇ ਹਨ।
ਬਲਾਕ ਖੇਤੀਬਾੜੀ ਅਫਸਰ ਸਤਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸਾਸ਼ਨ ਲਗਾਤਾਰ ਇਸ ਦਿਸ਼ਾ ਵਿਚ ਜਿਕਰਯੋਗ ਉਪਰਾਲੇ ਕਰ ਰਹੇ ਹਨ। ਖੇਤੀਬਾੜੀ ਵਿਕਾਸ ਅਫਸਰ ਅਮਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਵਿਭਾਗ ਵਲੋਂ ਅਗਾਂਹਵਧੂ ਕਿਸਾਨਾਂ ਨੂੰ ਪ੍ਰੇਰਨਾ ਸ੍ਰੋਤ ਬਣਾਇਆ ਜਾ ਰਿਹਾ ਹੈ। ਬਲਾਕ ਨੂਰਪੁਰ ਬੇਦੀ ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਪੁੱਤਰ ਦਸੋਂਦੀ ਰਾਮ ਪਿੰਡ ਲਹਿਰੀਅਨ ਨੇ ਦੱਸਿਆ ਕਿ ਉਸ ਦੇ ਕੋਲ 6 ਏਕੜ ਜਮੀਨ ਹੈ।
ਉਸ ਨੇ ਹੋਲੀ ਹੋਲੀ ਰਿਵਾਇਤੀ ਫਸਲੀ ਚੱਕਰ ਨੂੰ ਛੱਡਿਆ ਹੈ ਉਹ ਆਪਣੇ ਖੇਤਾਂ ਵਿਚ ਫਸਲੀ ਵਿਭਿੰਨਤਾ ਅਪਨਾ ਕੇ ਹੁਣ 2 ਏਕੜ ਵਿਚ ਮੱਕੀ ਅਤੇ 1.2 ਏਕੜ ਵਿਚ ਗੰਨਾ ਬੀਜਣ ਲੱਗ ਪਿਆ ਹੈ। ਉਸ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ, ਕਣਕ ਦੀ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਈ, ਇਸ ਨਾਲ ਉਸ ਦੀ ਉਪਜ ਅਤੇ ਆਮਦਨ ਵਿਚ ਵਾਧਾਂ ਹੋਇਆ ਹੈ। ਪਰਮਜੀਤ ਸਿੰਘ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਅੱਗ ਨਾ ਲਗਾਉਣ ਸਗੋ ਵਾਤਾਵਰਣ ਦੇ ਰਾਖੇ ਬਣਨ।
