
ਅਗਾਂਹਵਧੂ ਕਿਸਾਨ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਕਰ ਰਹੇ ਵਾਧਾ-ਮੁੱਖ ਖੇਤੀਬਾੜੀ ਅਫਸਰ
ਸ੍ਰੀ ਅਨੰਦਪੁਰ ਸਾਹਿਬ, 11 ਅਕਤੂਬਰ:- ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ.ਅਵਤਾਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚ ਝੋਨੇ ਦੀ ਕਟਾਈ, ਐਸ.ਐਮ.ਐਸ ਲਗਾਈਆ ਕੰਬਾਇਨਾਂ ਨਾਲ ਕੀਤੀ ਜਾ ਰਹੀ ਹੈ।ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਨਿਰਧਾਰਤ ਸਮੇ ਅਨੁਸਾਰ ਹੀ ਝੋਨੇ ਦੀ ਕਟਾਈ ਹੋ ਰਹੀ ਹੈ, ਕਿਉਕਿ ਰਾਤ ਸਮੇਂ ਤਾਪਮਾਨ ਵਿਚ ਗਿਰਾਵਟ ਅਤੇ ਤਰੇਲ ਪੈਣ ਕਾਰਨ ਜਿਣਸ ਵਿਚ ਨਵੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਝੋਨਾ ਵੇਚਣ ਸਮੇਂ ਵੱਧ ਨਵੀ ਦੀ ਸਮੱਸਿਆ ਆਵੇਗੀ।ਇਸ ਲਈ ਸਰਕਾਰ ਦੇ ਨਿਰਧਾਰਤ ਮਾਪਦੰਡ ਅਨੁਸਾਰ ਸੁੱਕਾ ਝੋਨਾ ਮੰਡੀਆਂ ਵਿਚ ਲਿਆਉਣ ਲਈ ਇਹ ਜਰੂਰੀ ਹੈ ਕਿ ਝੋਨੇ ਦੀ ਕਟਾਈ ਰਾਤ ਸਮੇਂ ਨਾ ਕੀਤੀ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ, ਘੱਟ ਕੀਟਨਾਸ਼ਕ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ,ਪਰਾਲੀ ਅਤੇ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਮਿੱਤਰ ਕੀੜੇ ਨਹੀ ਮਰਦੇ, ਰਜੋ ਜਮੀਨ ਦੀ ਸਿਹਤ ਵਿਚ ਸੁਧਾਰ ਲਈ ਜਰੂਰੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮੋਜੂਦਾ ਸਮੇਂ ਕਿਸਾਨ ਆਧੁਨਿਕ ਤਕਨੀਕਾਂ ਅਪਨਾ ਰਹੇ ਹਨ। ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਵੀ ਮਜਬੂਤ ਹੋ ਰਹੀ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਬਹੁਤ ਸਾਰੀਆ ਯੋਜਨਾਵਾ ਉਲੀਕਿਆ ਗਈਆਂ ਹਨ। ਉਨ੍ਹਾਂ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਸਾਲ 2018 ਤੋਂ 2020 ਤੱਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਸੀ.ਆਰ.ਐਮ. ਸਕੀਮ ਅਧੀਨ ਨਿੱਜੀ ਕਿਸਾਨਾਂ ਨੂੰ 50 ਫੀਸਦੀ, ਕਿਸਾਨ ਗਰੁੱਪ ਨੂੰ 80 ਫੀਸਦੀ ਅਤੇ ਕੋਪ੍ਰੇਟਿਵ ਸੁਸਾਇਟੀਆਂ ਨੂੰ 80 ਫੀਸਦੀ ਸਬਸਿਡੀ ’ਤੇ ਮਸ਼ੀਨਰੀ ਉਪਲਬੱਧ ਕਰਵਾਈ ਗਈ ਹੈ।
ਇਨ੍ਹਾਂ ਮਸ਼ੀਨਾਂ ਵਿੱਚ ਹੈਪੀਸੀਡਰ-132, ਸੁਪਰਸੀਡਰ-166, ਜੀਰੋ ਟਿੱਲ ਡਰਿੱਲ-116 ਆਦਿ ਕੁੱਲ 761 ਮਸ਼ੀਨਾਂ ਸਬਸਿਡੀ ’ਤੇ ਉਪਲਬੱਧ ਕਰਵਾਈਆਂ ਗਈਆਂ ਹਨ। ਸਾਲ 2021 ਦੌਰਾਨ agrimachineypb.com ਪੋਰਟਲ ਰਾਹੀਂ ਕਿਸਾਨ ਆਪਣੀਆਂ ਅਰਜ਼ੀਆਂ ਭਰ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਮਨਜੂਰਸ਼ੁਦਾ ਡੀਲਰਾਂ ਤੋਂ ਮਸ਼ੀਨਾਂ ਦੀ ਖਰੀਦ ਕਰਕੇ ਪੋਰਟਲ ’ਤੇ ਬਿੱਲ ਅਪਲੋਡ ਕਰਵਾਏ ਜਾ ਰਹੇ ਹਨ।
