
ਘਨੌਲੀ ਥਰਮਲ ਦੇ ਦੋ ਯੂਨਿਟਾਂ ਢਾਹੁਣ ਲਈ ਬੋਲੀ ਪਰਸੋਂ ਨੂੰ-ਚੱਢਾ
ਰੂਪਨਗਰ 26 ਅਕਤੂਬਰ, ( ਸੱਜਣ ਸੈਣੀ ):- “ਰੋਪੜ ਜਿਲ੍ਹੇ ਦੇ ਸਭ ਤੋਂ ਵੱਡੇ ਸਰਕਾਰੀ ਅਦਾਰੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਕ ਪਲਾਂਟ ਘਨੌਲੀ ਦੇ ਦੋ ਯੂਨਿਟ ਵਿਕਣ ਜਾ ਰਹੇ ਨੇ, ਜਿਨ੍ਹਾਂ ਦੀ ਆਨਲਾਈਨ ਬੋਲੀ ਪਰਸੋਂ 28 ਅਕਤੂਬਰ ਨੂੰ ਹੋ ਜਾਵੇਗੀ,”ਅੱਜ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਵਕੀਲ ਦਿਨੇਸ਼ ਚੱਢਾ ਨੇ ਖੁਲਾਸਾ ਕੀਤਾ ਕਿ ਸਰਕਾਰੀ ਥਰਮਲ ਦੇ ਇਹ ਯੂਨਿਟ ਪ੍ਰਾਈਵੇਟ ਥਰਮਲਾਂ ਨੂੰ ਲਾਭ ਦੇਣ ਲਈ ਬੰਦ ਕੀਤੇ ਗਏ ਸਨ, ਇਸ ਤੱਥ ਦਾ ਖੁਲਾਸਾ ਇਨ੍ਹਾਂ ਯੂਨਿਟਾਂ ਨੂੰ ਵੇਚਣ ਲਈ ਕੱਢੇ ਗਏ ਆਕਸ਼ਨ ਨੋਟਿਸ ਚ ਹੀ ਹੋ ਗਿਆ ਹੈ।
ਕਿਉਂਕਿ ਆਕਸ਼ਨ ਨੋਟਿਸ ਚ ਇਹ ਸਪਸ਼ਟ ਲਿਖਿਆ ਹੈ ਕਿ ਇਹ ਯੂਨਿਟ ਪ੍ਰਾਈਵੇਟ ਨਵੇਂ ਯੂਨਿਟ ਲੱਗਣ ਕਾਰਣ ਹੀ ਬੰਦ ਹੋਏ ਸਨ।ਚੱਢਾ ਨੇ ਕਿਹਾ ਕਿ ਇਨ੍ਹਾਂ ਦੋ ਯੂਨਿਟਾਂ ਦਾ ਢਹਿ ਜਾਣਾ ਇਲਾਕੇ ਲਈ, ਜਿਲ੍ਹੇ ਲਈ ਅਤੇ ਸੂਬੇ ਲਈ ਸੋਗਮਈ, ਦੁਖਦਾਇਕ ਅਤੇ ਚਿੰਤਾਜਨਕ ਹੈ।ਕਿਉਂਕਿ ਇਹ ਅਦਾਰਾ ਜਿੱਥੇ ਹਜਾਰਾਂ ਲੋਕਾਂ ਨੂੰ ਰੁਜਗਰ ਦਿੰਦਾ ਸੀ,ਜਿਲ੍ਹੇ ਦੀ ਆਰਥਿਕਤਾ ਚ ਵੱਡਾ ਰੋਲ ਅਦਾ ਕਰਦਾ ਸੀ ਅਤੇ ਸਸਤੀ ਬਿਜਲੀ ਵੀ ਸਪਲਾਈ ਕਰਦਾ ਸੀ।ਪਰ ਸਰਕਰਾਂ ਦੀਆਂ ਗਲਤ ਨੀਤੀਆਂ ਕਾਰਣ ਇਹ ਅਦਾਰਾ ਬਰਬਾਦੀ ਦੇ ਰਾਹ ਤੇ ਪੈ ਗਿਆ ਹੈ।ਜਦੋਂ ਇਹ ਦੋ ਯੂਨਿਟ ਬੰਦ ਕੀਤੇ ਗਏ ਸਨ ਉਦੋਂ ਵੀ ਇੰਜਨੀਅਰ ਐਸੋਸੀਏਸ਼ਨ ਨੇ ਕਿਹਾ ਸੀ ਕਿ ਇਹ ਯੂਨਿਟ ਹਾਲੇ ਹੋਰ ਚਲ ਸਕਦੇ ਹਨ ।
ਜੇਕਰ ਪੰਜਾਬੀਆਂ ਨੇ ਇਕੱਠੇ ਹੋ ਕੇ ਅਵਾਜ ਨਾਂ ਬੁਲੰਦ ਕੀਤੀ ਤਾਂ ਬਠਿੰਡੇ ਵਾਲੇ ਥਰਮਲ ਵਾਂਗ ਇਸ ਥਰਮਲ ਦਾ ਵੀ ਭੋਗ ਪੈ ਜਾਵੇਗਾ।ਇਹਨਾਂ ਦੋ ਯੂਨਿਟਾਂ ਦੀ ਬੋਲੀ 150 ਕਰੋੜ ਤੋਂ ਸ਼ੁਰੂ ਹੋਵੇਗੀ।ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਇਹ ਅਦਾਰਾ ਉਨ੍ਹਾਂ ਦੇ ਆਪਣੇ ਜਿਲ੍ਹੇ ਦਾ ਵੱਡਾ ਸਰਕਾਰੀ ਅਦਾਰੇ ਹੈ।ਉਹ ਇਸ ਅਦਾਰੇ ਨੂੰ ਬਚਾਉਣ ਲਈ ਅੱਗੇ ਆਉਣ।ਇਸ ਮੌਕੇ ਤੇ ਆਪ ਆਗੂ ਤਜਿੰਦਰ ਸਿੰਘ ਸੋਨੀ ਵੀ ਮੌਜੂਦ ਸਨ।
