
ਸ੍ਰੀ ਅਨੰਦਪੁਰ ਸਾਹਿਬ,(SADA CHANNEL):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਇੱਕ ਸਿਰਮੌਰ ਖ਼ੁਦਮੁਖਤਿਆਰ ਸੰਸਥਾ ਹੈ। ਕਾਲਜ ਨੇ ਇੱਕ ਵਾਰ ਫਿਰ ਫਾਈਨਲ ਇਮਤਿਹਾਨਾਂ ਦੇ ਨਤੀਜੇ ਘੋਸ਼ਿਤ ਕਰਕੇ ਆਪਣੀ ਅਕਾਦਮਿਕ ਉੱਤਮਤਾ ਨੂੰ ਸਾਬਿਤ ਕੀਤਾ ਹੈ ਅਤੇ ਜਲਦੀ ਨਤੀਜੇ ਐਲਾਨਣ ਵਾਲਾ ਪਹਿਲਾ ਕਾਲਜ ਬਣ ਗਿਆ ਹੈ। ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫਾਈਨਲ ਜਮਾਤਾਂ ਦੇ ਨਤੀਜੇ ਐਲਾਨੇ ਗਏ ਹਨ ਤਾਂ ਜੋ ਉਹ ਨੌਕਰੀ ਲਈ ਅਪਲਾਈ ਕਰ ਸਕਣ ਜਾਂ ਅੱਗੇ ਦੀ ਪੜ੍ਹਾਈ ਲਈ ਸਮੇਂ ਸਿਰ ਫੈਸਲਾ ਕਰ ਸਕਣ।
ਉਨ੍ਹਾਂ ਕਿਹਾ ਕਿ ਹੋਰ ਉੱਚ ਸਿੱਖਿਆ ਸੰਸਥਾਵਾਂ ਵਿੱਚ ਅਜੇ ਪ੍ਰੀਖਿਆਵਾਂ ਹੋਣੀਆਂ ਬਾਕੀ ਹਨ ਅਤੇ ਕਾਲਜ ਵੱਲੋਂ ਪ੍ਰੀਖਿਆ ਸੰਬੰਧੀ ਸਮੇਂ ਸਿਰ ਕਾਰਵਾਈ ਕਰਨ ਨਾਲ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਚਾਇਆ ਜਾ ਰਿਹਾ ਹੈ। ਪ੍ਰੋ. ਪ੍ਰਭਜੀਤ ਸਿੰਘ, ਡਿਪਟੀ ਕੰਟਰੋਲਰ ਪ੍ਰੀਖਿਆ ਨੇ ਦੱਸਿਆ ਕਿ ਅੱਜ ਸੱਤ ਫਾਈਨਲ ਸਮੈਸਟਰ ਜਮਾਤਾਂ ਦੇ ਨਤੀਜੇ ਐਲਾਨੇ ਗਏ ਹਨ ਅਤੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਅੰਤਿਮ ਸਮੈਸਟਰਾਂ ਵਿੱਚ ਸ਼ਿਵਾਨੀ ਨੇ ਬੀ.ਐਸ.ਸੀ (ਆਨਰਜ਼) ਫਿਜ਼ਿਕਸ ਵਿੱਚ 98.3%ਅੰਕ ਪ੍ਰਾਪਤ ਕੀਤੇ, ਹਰਮਨਪ੍ਰੀਤ ਕੌਰ ਨੇ ਬੀ.ਵਾਕ ਰਿਟੇਲ ਮੈਨੇਜਮੈਂਟ ਵਿੱਚ 98.3%ਅੰਕ, ਸੁਖਬੀਰ ਸਿੰਘ ਨੇ ਬੀ.ਵਾਕ. ਸਾਫ਼ਟਵੇਅਰ ਡਿਵੈਲਪਮੈਂਟ ਵਿੱਚ 90.5%ਅੰਕ, ਅਮਨਪ੍ਰੀਤ ਕੌਰ ਨੇ ਐਮ.ਕਾਮ. ਵਿੱਚ 88.6%ਅੰਕ, ਪਰਵਿੰਦਰ ਕੌਰ ਨੇ ਐਮ.ਏ. ਰਾਜਨੀਤੀ ਸ਼ਾਸਤਰ ਵਿੱਚ 86%ਅੰਕ, ਬੀ.ਬੀ.ਏ. ਵਿੱਚ ਸੁਸ਼ਮਾ ਰਾਣੀ ਨੇ 84.4%ਅੰਕ ਅਤੇ ਕਮਲਜੀਤ ਸਿੰਘ ਨੇ ਬੀ.ਕਾਮ ਵਿੱਚ 83%ਅੰਕ ਪ੍ਰਾਪਤ ਕੀਤੇ। ਡਾ. ਬਲਜੀਤ ਸਿੰਘ ਅਤੇ ਪ੍ਰੋ. ਦਿਲਸ਼ੇਰ ਬੀਰ ਸਿੰਘ ਡਿਪਟੀ ਰਜਿਸਟਰਾਰ ਨੇ ਦੱਸਿਆ ਕਿ ਬਾਕੀ ਜਮਾਤਾਂ ਦੇ ਨਤੀਜੇ ਵੀ ਜਲਦੀ ਹੀ ਐਲਾਨੇ ਜਾਣਗੇ | ਡਾ. ਜਸਵੀਰ ਸਿੰਘ ਨੇ ਇਸ ਪ੍ਰਾਪਤੀ ਲਈ ਸਮੁੱਚੀ ਪ੍ਰੀਖਿਆ ਸ਼ਾਖਾ ਦੇ ਯਤਨਾਂ ਦੀ ਸ਼ਲਾਘਾ ਕੀਤੀ।
