
ਕੀਰਤਪੁਰ ਸਾਹਿਬ 18 ਜੁਲਾਈ (Sada Channel):- ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾ ਦੇਣ ਲਈ ਨਿਰੰਤਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਿਹਤ ਕੇਂਦਰਾਂ ਵਿਚ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਦੇਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਇਸੇ ਤਹਿਤ ਸਿਹਤ ਵਿਭਾਗ ਵਲ੍ਹੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਟੀਮਾਂ ਨੂੰ ਘਰ-ਘਰ ਭੇਜ ਕੇ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਗਰੁੱਪ ਮੀਟਿੰਗਾਂ ਕਰਕੇ ਲੋਕਾਂ ਨੂੰ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਚਲਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਨੇ ਦੱਸਿਆ ਕਿ ਹਰ ਰੋਜ਼ ਮਲਟੀਪਰਪਜ਼ ਹੈਲਥ ਵਰਕਰਜ਼ ਵਲ੍ਹੋਂ ਆਪਣੇ ਟੂਰ ਦੌਰਾਨ ਲੋਕਾਂ ਦੇ ਘਰ-ਘਰ ਜਾ ਕੇ ਕੂਲਰਾਂ ਦੇ ਪਾਣੀ ਨੂੰ ਸਾਫ ਕਰਵਾਇਆ ਜਾ ਰਿਹਾ ਹੈ ਅਤੇ ਘਰਾਂ ਦੇ ਅੰਦਰ ਅਤੇ ਬਾਹਰ ਇਹ ਨਿਰੀਖਣ ਕੀਤਾ ਜਾਂਦਾ ਹੈ ਕਿ ਕੂਲਰਾਂ, ਫਰਿੱਜ ਦੀਆਂ ਪਾਣੀ ਦੀਆਂ ਟ੍ਰੇਆਂ, ਘਰਾਂ ਦੀਆਂ ਛੱਤਾਂ ਉੱਪਰ ਨਾ-ਵਰਤਣਯੋਗ ਜਾਂ ਟੁੱਟੇ ਹੋਏ ਪਏ ਬਰਤਨਾਂ ਅਤੇ ਪਾਰਕਾਂ ਵਿੱਚ ਪਾਣੀ ਵਾਲੇ ਭਾਂਡਿਆਂ ਵਿੱਚ ਫਾਲਤੂ ਪਾਣੀ ਨਾ ਭਰਿਆ ਰਹੇ ਤਾਂ ਜੋ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਅਭਿਆਨ ਦੀ ਇਸ ਲੜੀ ਤਹਿਤ ਅੱਜ ਮਿੰਨੀ ਪੀ. ਐਚ. ਸੀ. ਢੇਰ ਵਿਖੇ ਨਰੇਗਾ ਅਧੀਨ ਕੰਮ ਕਰ ਰਹੇ ਵਿਅਕਤੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹੈਲਥ ਇੰਸਪੈਕਟਰ ਸ਼੍ਰੀ ਬਲਵੰਤ ਰਾਏ ਨੇ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਹੀ ਸਮੇਂ ਤੇ ਬਿਮਾਰੀ ਦੀ ਪਹਿਚਾਣ ਹੋ ਸਕੇ ਅਤੇ ਸਹੀ ਇਲਾਜ਼ ਕਰਵਾਇਆ ਜਾ ਸਕੇ।
ਉਹਨਾਂ ਕਿਹਾ ਕਿ ਆਪਣੀ ਮਰਜੀ ਨਾਲ਼ ਦਵਾਈ ਨਹੀਂ ਲੈਣੀ ਚਾਹੀਦੀ ਅਤੇ ਇੱਧਰ-ਉੱਧਰ ਭਟਕ ਕੇ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਇਸ ਮੌਕੇ ਪਿੰਡ ਢੇਰ ਦੇ ਸਰਪੰਚ ਸ਼੍ਰੀ ਰਜਿੰਦਰ ਸਿੰਘ ਡੋਡ ਨੇ ਵੀ ਕਿਹਾ ਕਿ ਸਾਨੂੰ ਸਿਹਤ ਵਿਭਾਗ ਵਲ੍ਹੋਂ ਦਿੱਤੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਨੁਕਸਾਨ ਨਾ ਹੋਵੇ। ਇਸ ਮੌਕੇ ਹੋਰਾਂ ਤੋਂ ਇਲਾਵਾ ਸਿਹਤ ਵਿਭਾਗ ਤੋਂ ਏ ਐਨ ਐਮ ਵੀਨਾ ਰਾਣੀ, ਨਵਜੋਤ ਕੌਰ ਸਟਾਫ ਨਰਸ, ਸਰਬਜੀਤ ਕੌਰ ਐਲ ਐਚ ਵੀ, ਜੌਤੀ ਫਾਰਮਾਸਿਸਟ, ਸ਼ਾਮ ਲਾਲ ਸਫਾਈ ਸੇਵਕ, ਨਰਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
