

ਕੀਰਤਪੁਰ ਸਾਹਿਬ 19 ਜੁਲਾਈ (SADA CHANNEL):- ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਜਣੇਪੇ ਸਬੰਧੀ ਮਿਲ ਰਹੀਆਂ ਸਿਹਤ ਸੇਵਾਵਾਂ ਬਾਰੇ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ, ਡਾ.ਦਲਜੀਤ ਕੌਰ ਵਲ੍ਹੋਂ ਪ੍ਰਾਈਵੇਟ ਹਸਪਤਾਲਾਂ ਦਾ ਦੌਰਾ ਕੀਤਾ ਗਿਆ। ਉਹਨਾਂ ਵਲ੍ਹੋਂ ਡਲੀਵਰੀਆਂ ਸਬੰਧੀ ਪਿਛਲੀ ਤਿਮਾਹੀ ਦੇ ਸਾਰੇ ਰਿਕਾਰਡ ਦਾ ਆਡਿਟ ਕੀਤਾ ਗਿਆ ਅਤੇ ਜਿਹੜੀਆਂ ਡਲੀਵਰੀਆਂ ਸਜੇਰੀਅਨ ਰਾਹੀਂ ਕੰਡਕਟ ਕੀਤੀਆਂ ਗਈਆਂ ਹਨ ਉਹਨਾਂ ਦੇ ਕਾਰਨਾਂ ਬਾਰੇ ਵੀ ਪੜਤਾਲ਼ ਕੀਤੀ ਗਈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲ੍ਹੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ਼ ਇਹ ਆਡਿਟ ਕੀਤੇ ਜਾ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਣੇਪਾ ਸਰਕਾਰੀ ਹਸਪਤਾਲ਼ ਵਿੱਚ ਹੀ ਕਰਵਾਉਣ ਤਾਂ ਜੋ ਜਣੇਪਾ ਮੁਫਤ ਹੋਣ ਦੇ ਨਾਲ਼-ਨਾਲ਼ ਉਹਨਾਂ ਨੂੰ ਸਰਕਾਰ ਦੀਆਂ ਸਿਹਤ ਸਬੰਧੀ ਹੋਰ ਮੁਫਤ ਸਹੂਲਤਾਂ ਦਾ ਵੀ ਲਾਭ ਮਿਲ ਸਕੇ। ਡਾ.ਦਲਜੀਤ ਕੌਰ ਨੇ ਕਿਹਾ ਕਿ ਡਲੀਵਰੀ ਵਾਲ਼ੀ ਗਰਭਵਤੀ ਔਰਤ ਨੂੰ ਘਰ ਤੋਂ ਹਸਪਤਾਲ਼ ਲੈ ਕੇ ਜਾਣ ਲਈ 108 ਨੰਬਰ ਤੇ ਕਾਲ ਕਰਕੇ ਮੁਫਤ ਐਂਬੂਲੈਂਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਆਡਿਟ ਟੀਮ ਦੇ ਨਾਲ਼ ਡਾ.ਅਨੂੰ ਸ਼ਰਮਾ ਮੈਡੀਕਲ ਅਫਸਰ, ਜਸਪ੍ਰੀਤ ਕੌਰ ਬੀ. ਐਸ. ਏ, ਭਰਤ ਕਪੂਰ ਸੀ. ਏ ਮੌਜੂਦ ਸਨ।
