

ਕੀਰਤਪੁਰ ਸਾਹਿਬ 08 ਅਗਸਤ:- ਡਾ.ਜੰਗਜੀਤ ਸਿੰਘ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵਲ੍ਹੋਂ ਘਰ-ਘਰ ਜਾ ਕੇ ਡੇਂਗੂ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਵਰਕਰਾਂ ਵਲ੍ਹੋਂ ਪਿੰਡਾਂ ਅਤੇ ਸ਼ਹਿਰੀ ਖੇਤਰ ਦੇ ਰਿਹਾਇਸ਼ੀ ਮਕਾਨਾਂ ਵਿੱਚ ਜਾ ਕੇ ਡੇਂਗੂ ਦਾ ਲਾਰਵਾ ਲੱਭਿਆ ਤੇ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ ਹੋਣ ਨਾਲ਼ ਮਕਾਨਾਂ ਦੀਆਂ ਛੱਤਾਂ ਉੱਪਰ ਪਏ ਨਾ-ਵਰਤਣਯੋਗ ਅਤੇ ਬੇਕਾਰ ਪਏ ਬਰਤਨਾਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਵਿੱਚ ਡੇਂਗੂ ਫੈਲਾਉਣ ਵਾਲ਼ਾ ਮੱਛਰ, ਐਡੀਜ਼ ਆਪਣਾ ਘਰ ਬਣਾ ਲੈਂਦਾ ਹੈ ਅਤੇ ਪਾਣੀ ਤੇ ਅੰਡੇ ਦਿੰਦਾ ਹੈ, ਕੁੱਝ ਦਿਨਾਂ ਵਿੱਚ ਹੀ ਇਲ ਲਾਰਵਾ ਬਣ ਜਾਂਦਾ ਹੈ ਅਤੇ ਫਿਰ ਮੱਛਰ ਆਪਣੇ ਅਡਲਟ ਰੂਪ ਵਿੱਚ ਆ ਜਾਂਦਾ ਹੈ।
ਇਸ ਤੋਂ ਇਲਾਵਾ ਘਰਾਂ ਵਿੱਚ ਪਏ ਕੂਲਰਾਂ ਦਾ ਪਾਣੀ ਜੇ ਹਫਤੇ ਵਿੱਚ ਨਾ ਬਦਲਿਆ ਜਾਵੇ ਤਾਂ ਇਹ ਵੀ ਡੇਂਗੂ ਫੈਲਾਉਣ ਵਾਲ਼ੇ ਮੱਛਰਾਂ ਲਈ ਵਾਧੇ ਦਾ ਕਾਰਣ ਬਣ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਆਸ-ਪਾਸ ਪਾਣੀ ਖੜ੍ਹਾ ਨਾ ਹੋਣ ਦੇਣ। ਗਲ਼ੀਆਂ/ਛੱਪੜਾਂ ਵਿੱਚ ਖੜ੍ਹੇ ਪਾਣੀ ਵਿੱਚ ਕਾਲ਼ੇ ਤੇਲ ਤਾ ਛਿੜਕਾਓ ਕੀਤਾ ਜਾਵੇ। ਬੱਚਿਆਂ ਨੂੰ ਪੂਰਾ ਸਰੀਰ ਢੱਕਣ ਵਾਲ਼ੇ ਕੱਪੜੇ ਪਹਿਨਾਏ ਜਾਣ ਅਤੇ ਘਰਾਂ ਵਿੱਚ ਮੱਛਰ ਭਜਾਊ ਕਰੀਮਾਂ ਜਾਂ ਹੋਰ ਯੰਤਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਿਕੰਦਰ ਸਿੰਘ ਐਸ. ਐਮ. ਆਈ ਨੇ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਨੇੜਲੇ ਸਿਹਤ ਕੇਂਦਰ ਵਿੱਚ ਚੈੱਕਅਪ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਸਹੀ ਇਲਾਜ਼ ਹੋ ਸਕੇ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਲਈ ਸਿਹਤ ਵਿਭਾਗ ਨੂੰ ਚੋਕਸ ਕੀਤਾ ਗਿਆ ਹੈ। ਹਰ ਸੁੱਕਰਵਾਰ ਡਰਾਈ ਡੇਅ ਵਜੋ ਮਨਾਇਆ ਜਾ ਰਿਹਾ ਹੈ। ਸਵੱਛਤਾ ਨੂੰ ਧਿਆਨ ਵਿਚ ਰੱਖਣ ਦੇ ਸੁਝਾਅ ਦਿੱਤੇ ਜਾ ਰਹੇ ਹਨ, ਸਰਕਾਰੀ ਹਸਪਤਾਲਾ ਸੀ.ਐਚ.ਸੀ ਅਤੇ ਪੀ.ਐਚ.ਸੀ ਵਿਚ ਲੋੜੀਦੇ ਸਿਹਤ ਸਹੂਲਤਾ ਦੇ ਪ੍ਰਬੰਧ ਕੀਤੇ ਗਏ ਹਨ, ਆਉਣ ਵਾਲੇ ਦਿਨਾਂ ਵਿਚ ਹਸਪਤਾਲਾ ਤੋਂ ਓ.ਪੀ.ਡੀ ਦਾ ਭਾਰ ਘਟਾਉਣ ਲਈ ਆਮ ਆਦਮੀ ਕਲੀਨਿਕ ਖੋਲੇ ਜਾਣਗੇ। ਆਮ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਲਈ ਪੂਰੀ ਤਰਾਂ ਜਾਗਰੂਕ ਕਰਨ ਲਈ ਆਂਗਨਵਾੜੀ ਦੇ ਆਸ਼ਾ ਵਰਕਰ ਹਰ ਖੇਤਰ ਵਿਚ ਜਾਣਕਾਰੀ ਦੇਣ ਲਈ ਪਹੁੰਚ ਰਹੇ ਹਨ।
