
ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਜੜ੍ਹ ਤੋ ਖਤਮ ਹੋਵੇਗੀ-ਐਸ.ਡੀ.ਐਮ
ਸ੍ਰੀ ਅਨੰਦਪੁਰ ਸਾਹਿਬ 20 ਅਗਸਤ (SADA CHANNEL):- ਸ਼ਹਿਰ ਵਿਚ ਬਰਸਾਤੀ ਪਾਣੀ ਦੇ ਨਿਕਾਸੀ ਨਾਲੇ ਨੂੰ ਕਚਹਿਰੀ ਰੋਡ ਤੋਂ ਬੱਸ ਅੱਡੇ ਤੱਕ ਸਲੈਬਾ ਪਾਂ ਕੇ ਢੱਕਿਆ ਜਾਵੇਗਾ ਅਤੇ ਸ਼ਹਿਰ ਵਿਚ ਬਰਸਾਤਾ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ।ਇਹ ਜਾਣਕਾਰੀ ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਇਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹਿਰ ਵਿਚ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਹੋਣ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਬਜਾਰਾ, ਗਲੀਆਂ, ਮੁਹੱਲਿਆ ਵਿਚ ਅਕਸਰ ਹੀ ਪਾਣੀ ਭਰ ਜਾਂਦਾ ਹੈ, ਪੁਰਾਣਾ ਸੀਵਰੇਜ ਸਿਸਟਮ ਪਾਣੀ ਦੀ ਭਾਰੀ ਮਿਕਦਾਰ ਨੂੰ ਖਿੱਚਣ ਵਿਚ ਪੂਰੀ ਤਰਾਂ ਸਫਲ ਨਹੀ ਹੈ।
ਸ਼ਹਿਰ ਵਿਚ ਨਵਾ ਸੀਵਰੇਜ ਪਾਇਆ ਜਾ ਰਿਹਾ ਹੈ। ਕਚਹਿਰੀ ਰੋਡ ਤੇ ਬੱਸ ਅੱਡੇ ਤੱਕ ਬਣੇ ਨਿਕਾਸੀ ਨਾਲੇ ਦੀ ਸਫਾਈ ਨਾ ਹੋਣ ਕਾਰਣ ਇਸ ਦੀਆਂ ਸਲੈਬਾ ਨੂੰ ਹਟਾਇਆ ਗਿਆ ਸੀ,ਹੁਣ ਨਿਕਾਸੀ ਨਾਲੇ ਦੀ ਸਫਾਈ ਕਰਕੇ ਇਸ ਨੂੰ ਸਲੈਬ ਪਾ ਕੇ ਢੱਕ ਦਿੱਤਾ ਜਾਵੇਗਾ ਅਤੇ ਇਸ ਦੀ ਸਫਾਈ ਦੀ ਢੁਕਵੀ ਵਿਵਸਥਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਸੁਰੂ ਹੋ ਗਈ ਹੈ, ਜਲਦੀ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਸਾਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਹੈ, ਕਚਹਿਰੀ ਰੋਡ ਤੇ ਬੱਸ ਅੱਡੇ ਤੱਕ ਮਾਰਕੀਟ ਦੇ ਬਾਹਰ ਬਣੇ ਨਿਕਾਸੀ ਨਾਲੇ ਦੀ ਸਫਾਈ ਹੋਣ ਨਾਲ ਆਉਣ ਵਾਲੇ ਸਮੇਂ ਵਿਚ ਇਥੇ ਪਾਣੀ ਜਮਾਂ ਹੋਣ ਦੀ ਸੰਭਾਵਨਾ ਵੀ ਕਾਫੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਹਰ ਸਮੇਂ ਲੋਕਾਂ ਦੀ ਸਹੂਲਤ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਇਸ ਕੰਮ ਨੂੰ ਪ੍ਰਮੁੱਖਤਾ ਤੇ ਕੀਤਾ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਨਾ ਹੋਵੇ।
