ਅੰਧ ਵਿਸ਼ਵਾਸ ਨੂੰ ਕਰੋ ਦੂਰ,ਅੱਖਾਂ ਦਾਨ ਕਰੋ ਜਰੂਰ- ਡਾ.ਦਲਜੀਤ ਕੌਰ

0
332
ਅੰਧ ਵਿਸ਼ਵਾਸ ਨੂੰ ਕਰੋ ਦੂਰ, ਅੱਖਾਂ ਦਾਨ ਕਰੋ ਜਰੂਰ- ਡਾ.ਦਲਜੀਤ ਕੌਰ

SADA CHANNEL:-


ਕੀਰਤਪੁਰ ਸਾਹਿਬ 30 ਅਗਸਤ (SADA CHANNEL):- “ਮਰਦਾ ਹੈ ਸ਼ਰੀਰ, ਅਮਰ ਹੈ ਆਤਮਾ, ਨੇਤਰਦਾਨ ਨਾਲ਼ ਮਿਲਦਾ ਹੈ ਖੁਦ ਪਰਮਾਤਮਾ ” ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਨੇ ਦੱਸਿਆ ਕਿ 25 ਅਗਸਤ ਤੋਂ 8 ਸਤੰਬਰ ਤੱਕ ਵਿਸ਼ਵ ਨੇਤਰ ਦਾਨ ਪੰਦਰ੍ਹਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਜਿਉਂਦੇ ਜੀ ਆਪਣੇ ਨੇਤਰਦਾਨ ਕਰਨ ਦਾ ਸੰਕਲਪ ਕਰਨ ਤਾਂ ਜੋ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਬਾਅਦ ਵੀ ਇਸ ਰੰਗਲੇ ਸੰਸਾਰ ਨੂੰ ਦੇਖਦੇ ਰਹਿਣ। ਉਹਨਾਂ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਲਗਭਗ ਡੇਢ ਕਰੋੜ ਲੋਕਾਂ ਨੂੰ ਅੱਖਾਂ ਦੀ ਜਰੂਰਤ ਹੈ ਜੋ ਕਿਸੇ ਨਾ ਕਿਸੇ ਹਾਦਸੇ ਕਾਰਨ ਆਪਣੀਆਂ ਅੱਖਾਂ ਗਵਾ ਚੁੱਕੇ ਹਨ ਜਾਂ ਬਚਪਨ ਵਿੱਚ ਅੰਨ੍ਹੇਪਣ ਦਾ ਸ਼ਿਕਾਰ ਹੋ ਚੁੱਕੇ ਹਨ।

ਜੇ ਅਸੀਂ ਹਰ ਵਿਅਕਤੀ ਤੱਕ ਅੱਖਾਂ ਦਾਨ ਦਾ ਸੁਨੇਹਾ ਪਹੁੰਚਾਈਏ ਅਤੇ ਇਸ ਦੀ ਮਹੱਤਤਾ ਵਾਰੇ ਦੱਸੀਏ ਤਾਂ ਸਾਡੀ ਛੋਟੀ ਜਿਹੀ ਕੋਸ਼ਿਸ਼ ਨਾਲ਼ ਇਹ ਕਰੋੜਾਂ ਲੋਕ ਫਿਰ ਤੋਂ ਇਸ ਦੁਨੀਆਂ ਨੂੰ ਦੇਖ ਸਕਦੇ ਹਨ। ਇਸ ਮੌਕੇ ਮੈਡੀਕਲ ਅਫਸਰ ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਕੁਪੋਸ਼ਣ ਕਾਰਨ ਵੀ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 9 ਮਹੀਨੇ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਵਿਟਾਮਿਨ-ਏ ਦੀਆਂ 9 ਖੁਰਾਕਾਂ ਅੰਧਰਾਤੇ ਤੋਂ ਬਚਾਉਂਦੀਆਂ ਹਨ ਅਤੇ ਇਹ ਖੁਰਾਕਾਂ ਬੱਚਿਆਂ ਨੂੰ ਹਰ ਬੁੱਧਵਾਰ ਵਾਲ਼ੇ ਦਿਨ ਮਮਤਾ ਦਿਵਸ ਤੇ ਬੱਚਿਆਂ ਨੂੰ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵਲ੍ਹੋਂ ਦਿੱਤੀਆਂ ਜਾਂਦੀਆਂ ਹਨ ਅਤੇ ਬੀ.ਸੀ.ਜੀ, ਪੈਂਟਾਵਲੈਂਟ, ਪੋਲੀਓ ਬੂੰਦਾਂ ਅਤੇ ਪੋਲੀਓ ਦੇ ਟੀਕੇ, ਰੋਟਾਵਾਈਰਸ ਦੀ ਬਿਮਾਰੀ ਤੋਂ ਬੂੰਦਾਂ, ਨਿਊਮੋਕੋਕਸ ਦਾ ਟੀਕਾ, ਐਮ.ਆਰ ਦਾ ਟੀਕਾ ਵੀ ਸ਼ਡਿਊਲ ਵਿੱਚ ਸ਼ਾਮਿਲ ਹੈ।

ਹੋਰ ਜਾਣਕਾਰੀ ਦਿੰਦਿਆਂ ਕੁਸਮ ਲਤਾ ਉਪਥਾਲਮਿਕ ਅਫਸਰ ਨੇ ਦੱਸਿਆ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ ਅਤੇ ਹਨੇਰੇ ਵਿੱਚ ਇਹਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ਼ ਰੈਟੀਨਾ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਵਿਟਾਮਿਨ-ਏ ਭਰਪੂਰ ਖੁਰਾਕ ਖਾਣੀ ਚਾਹੀਦੀ ਹੈ। ਉਹਨਾ ਨੇ ਕਿਹਾ ਕਿ ਅੱਖਾਂ ਕਿਸੇ ਵੀ ਉਮਰ ਵਿੱਚ ਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਅੱਖਾਂ ਦਾਨ ਕਰਨ ਦੇ ਚਾਹਵਾਨ ਵਿਅਕਤੀ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਪਹੁੰਚ ਕੇ ਆਪਣਾ ਫਾਰਮ ਭਰਵਾ ਸਕਦੇ ਹਨ। ਇਸ ਮੌਕੇ ਹੋਰਾਂ ਤੋਂ ਇਲਾਵਾ ਸਿਹਤ ਵਿਭਾਗ ਤੋਂ ਡਾ.ਅਨੂੰ ਸ਼ਰਮਾ ਮੈਡੀਕਲ ਅਫਸਰ, ਡਾ.ਨਿਧੀ ਸਹੋਤਾ ਡੈਂਟਲ ਮੈਡੀਕਲ ਅਫਸਰ, ਐਸ. ਐਮ. ਆਈ ਸਿਕੰਦਰ ਸਿੰਘ ਭੰਗਲ, ਹੈਲਥ ਇੰਸਪੈਕਟਰ ਬਲਵੰਤ ਰਾਏ, ਦਲਬੀਰ ਕੌਰ, ਹਰਜੀਤ ਕੌਰ ਦੇ ਰਮਨਦੀਪ ਕੌਰ ਸਟਾਫ ਨਰਸ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here