
ਸ੍ਰੀ ਅਨੰਦਪੁਰ ਸਾਹਿਬ 24 ਸਤੰਬਰ (SADA CHANNEL):- ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਧੀਪੁਰ ਵਿਖੇ ਭਾਰਤੀ ਪ੍ਰਦੂਸ਼ਣ ਨਿਯੰਤਰਣ ਸੰਗਠਨ (IPCA) ਨਵੀਂ ਦਿੱਲੀ ਅਤੇ ਪੰਜਾਬ ਪਲਾਸਟਿਕ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇੱਕ ਰੋਜ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸ੍ਰੀਮਤੀ ਰੀਨਾ ਚੱਡਾ ਜਨਰਲ ਮੈਨੇਜਰ IPCA ਵੱਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪਲਾਸਟਿਕ ਅਤੇ ਪੋਲੀਥੀਨ ਦੇ ਕੂੜੇ ਤੋਂ ਫ਼ੈਲ ਰਹੇ ਖ਼ਤਰਨਾਕ ਪ੍ਰਦੂਸ਼ਣ ਅਤੇ ਇਸਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਇਸ ਪ੍ਰਦੂਸ਼ਣ ਅਤੇ ਕੂੜੇ ਦੇ ਪ੍ਰਬੰਧਣ ਬਾਰੇ ਨਹੀਂ ਸੋਚਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਤੋਂ ਨਾ ਕੇਵਲ ਮਨੁੱਖ ਬਲਕਿ ਬੇਜ਼ੁਬਾਨ ਜਾਨਵਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਬੋਲਦਿਆਂ ਲੈਕਚਰਾਰ ਬਾਇਓਲੋਜੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਲੱਖਾਂ ਟਨ ਪਲਾਸਟਿਕ ਦਾ ਕੂੜਾ ਸਾਡੇ ਆਲੇ ਦੁਆਲੇ ਵਿੱਚ ਖਿੱਲਰਿਆ ਮਿਲ ਜਾਂਦਾ ਹੈ ਜੋ ਕਿ ਧਰਤੀ ਉੱਪਰ ਮੌਜੂਦ ਜੈਵਿਕ ਵਿਭਿੰਨਤਾ ਲਈ ਸਭ ਤੋਂ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਘਰੇਲੂ ਕਚਰੇ ਵਿੱਚੋਂ ਜੈਵ-ਵਿਘਟਨ਼ਸ਼ੀਲ ਅਤੇ ਪਲਾਸਟਿਕ ਕੂੜੇ ਨੂੰ ਵੱਖ ਵੱਖ ਕਰਕੇ ਯੋਗ ਤਰੀਕੇ ਨਾਲ਼ ਪੁਨਰਚੱਕਰਨ ਲਈ ਭੇਜਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਅਤੇ ਹਾਜ਼ਰ ਸਟਾਫ਼ ਨੂੰ ਪਲਾਸਟਿਕ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਲਈ ਪ੍ਰੇਰਿਆ।

ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਆਲੇ ਦੁਆਲੇ ਦੀ ਹਰ ਸਮੱਸਿਆ ਦਾ ਹੱਲ ਟਿਕਾਊ ਵਿਕਾਸ ਰਾਹੀਂ ਲੱਭਣਾ ਚਾਹੀਦਾ ਹੈ। ਇਸ ਸੈਮੀਨਾਰ ਦੌਰਾਨ ਰੌਚਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਅਤੇ ਕੂੜਾ ਪ੍ਰਬੰਧਨ ਨੂੰ ਜੀਵਨ ਵਿਚ ਅਪਨਾਉਣ ਦੀ ਪ੍ਰਤਿੱਗਿਆ ਨਾਲ ਇਸ ਸੈਮੀਨਾਰ ਦੀ ਸਮਾਪਤੀ ਹੋਈ। ਇਸ ਮੌਕੇ ਤਰਨਜੀਤ ਸਿੰਘ, ਅਮਰਜੀਤ ਕੌਰ ਅਤੇ ਕਮਲਜੀਤ ਕੌਰ, ਗੁਰਮੇਲ ਸਿੰਘ,ਗਗਨਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਵਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਸ਼ਾਪਿੰਗ ਥੈਲੇ ਬਤੌਰ ਯਾਦਗਾਰੀ ਚਿੰਨ੍ਹ ਪ੍ਰਾਪਤ ਕੀਤੇ।
