

Patiala,(PLCTV):- ਪਟਿਆਲਾ (Patiala) ‘ਚ ਇਕ ਮਾਮੂਲੀ ਤਕਰਾਰ ਦੇ ਚੱਲਦਿਆਂ ਵਿਅਕਤੀ ਦਾ ਸੂਆ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ,ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (35) ਵਾਸੀ ਪਿੰਡ ਚੌੜਾ ਵਜੋਂ ਹੋਈ ਹੈ,ਜਾਣਕਾਰੀ ਮੁਤਾਬਕ ਬੀਤੀ ਰਾਤ ਦਵਿੰਦਰ ਸਿੰਘ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਪੈਂਦੇ ਠੇਕੇ ਦੇ ਕੋਲ ਆਇਆ ਸੀ,ਜਿੱਥੇ ਉਸ ਦੇ 2 ਸਾਥੀ ਵੀ ਮੌਜੂਦ ਸਨ,ਇਸੇ ਦੌਰਾਨ ਉਸ ਦੀ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਾਮੂਲੀ ਤਕਰਾਰ ਹੋ ਗਈ ਅਤੇ ਦੇਖਦੇ-ਹੀ-ਦੇਖਦੇ ਇਸ ਲੜ੍ਹਾਈ ਨੇ ਖ਼ੂਨੀ ਰੂਪ ਧਾਰ ਲਿਆ।
ਜਿਸ ‘ਤੇ ਇਕ ਵਿਅਕਤੀ ਨੇ ਤੈਸ਼ ‘ਚ ਆ ਕੇ ਦਵਿੰਦਰ ‘ਤੇ ਬਰਫ਼ ਤੋੜਨ ਵਾਲੇ ਸੂਏ ਨਾਲ ਹਮਲਾ ਕਰ ਦਿੱਤਾ,ਸੂਆ ਦਵਿੰਦਰ ਦੀ ਛਾਤੀ ‘ਚ ਲੱਗ ਗਿਆ,ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ,ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਗੱਲ ਕਰਦਿਆਂ ਐੱਸ. ਐੱਚ. ਓ. ਅਮਨਦੀਪ ਬਰਾੜ (S.H.O Amandeep Brar) ਨੇ ਦੱਸਿਆ ਕਿ ਪੁਲਿਸ (Police) ਨੇ ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ,ਸਾਰੀ ਕਾਰਵਾਈ ਕਰਨ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦੇ ਪਤਾ ਲੱਗ ਸਕੇਗਾ,ਪੁਲਿਸ (Police) ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ,ਦੱਸ ਦੇਈਏ ਕਿ ਮ੍ਰਿਤਕ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਉਸ ਦੀ 2 ਮਹੀਨਿਆਂ ਦੀ ਬੱਚੀ ਵੀ ਹੈ।
