CHANDIGARH,(SADA CHANNEL NEWS):- ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਫੈਸਲਾ ਲੈਂਦਿਆਂ ਫੀਲਡ ਵਿੱਚ ਕੰਮ ਕਰ ਰਹੇ ਸਾਇੰਸ, ਗਣਿਤ ਅਤੇ ਅੰਗਰੇਜੀ/ਸਮਾਜਿਕ ਸਿੱਖਿਆ ਵਿਸ਼ਿਆਂ ਦੇ 749 ਬਲਾਕ ਅਤੇ ਜ਼ਿਲ੍ਹਾ ਮੈਂਟਰਾਂ (ਬੀ.ਐਮ. ਅਤੇ ਡੀ.ਐਮ.) ਨੂੰ ਤੁਰੰਤ ਲੋੜਵੰਦ ਸਕੂਲਾਂ ਵਿੱਚ ਤੈਨਾਤ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਹਨ। ਮੰਤਰੀ ਅਨੁਸਾਰ ‘ਮਿਸ਼ਨ-100 ਫੀਸਦੀ’ ਮੁਹਿੰਮ ਦਾ ਮਕਸਦ ਫਰਜ਼ੀ ਅੰਕੜੇ ਪੇਸ਼ ਕਰਕੇ ਵਾਹ-ਵਾਹ ਖੱਟਣਾ ਨਹੀਂ ਸਗੋਂ ਸਿੱਖਿਆ ਦੀ ਕੁਆਲਿਟੀ ਨੂੰ ਸੁਧਾਰ ਕੇ ਹਰ ਵਿਦਿਆਰਥੀ ਦੀ ਸਿੱਖਣ ਕੁਸ਼ਲਤਾ ਵਿੱਚ ਵਾਧਾ ਕਰਨਾ ਹੈ। ਬੈਂਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਅੱਧੀ ਛੁੱਟੀ ਤੋਂ ਪਹਿਲਾਂ ਕਿਸੇ ਵੀ ਸਕੂਲ ਦਾ ਅਧਿਆਪਕ ਜਾਂ ਮੁਖੀ ਕਿਸੇ ਮੀਟਿੰਗ ਜਾਂ ਦਫਤਰੀ ਕੰਮ ਸਬੰਧੀ ਆਨ-ਡਿਊਟੀ ਨਹੀਂ ਜਾਵੇਗਾ ਅਤੇ ਜੇਕਰ ਕਿੱਧਰੇ ਜ਼ਰੂਰੀ ਕਾਰਨਾਂ ਕਰਕੇ ਜਾਣਾ ਵੀ ਹੈ ਤਾਂ ਉਸਦੀ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ।
