ਲੋਹੜੀ ‘ਤੇ ਵਿਸ਼ੇਸ਼: ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ,ਸੂਫ਼ੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ

0
252
ਲੋਹੜੀ 'ਤੇ ਵਿਸ਼ੇਸ਼: ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ,ਸੂਫ਼ੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ

SADA CHANNEL NEWS:-

SADA CHANNEL NEWS:- ਇਸ ਤਿਉਹਾਰ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ,ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ,ਇਸ ਤਿਉਹਾਰ ਨਾਲ ਇਕ ਲੋਕ-ਕਥਾ ਸਬੰਧਤ ਹੈ ਕਿ ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇਕ ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਅਪਣੇ ਹੱਥੀਂ ਕਰਵਾ ਕੇ ਘਰ ਭੇਜਿਆ,ਉਨ੍ਹਾਂ ਨੂੰ ਦੁਸ਼ਟ ਹਾਕਮ ਦੀ ਚੁੰਗਲ ਤੋਂ ਆਜ਼ਾਦ ਕਰਵਾਉਣ ਵਾਲੀ ਘਟਨਾ ਦੀ ਯਾਦ ’ਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ,ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਿਉਹਾਰ ਦਾ ਸਬੰਧ ਇਕ ਪੁਰਾਤਨ ਕਥਾ ਸਤੀ-ਦਹਿਨ ਨਾਲ ਵੀ ਹੈ।

ਕਈ ਕਹਿੰਦੇ ਹਨ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ,ਇਸ ਤਰ੍ਹਾਂ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ,ਲੋਹੜੀ ਸ਼ਬਦ ਦਾ ਮੂਲ ਤਿਲ ਅਤੇ ਰੋੜੀ ਤੋਂ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ,ਇਸ ਤਿਉਹਾਰ ਦਾ ਸਬੰਧ ਸਰਦੀ ਰੁੱਤ ਨਾਲ ਵੀ ਹੈ,ਰਦੀ ਦੀ ਰੁੱਤ ਪੂਰੇ ਜ਼ੋਰਾਂ ’ਤੇ ਹੁੰਦੀ ਹੈ,ਕਈ ਲੋਕ ਇਸ ਤਿਉਹਾਰ ਦਾ ਸਬੰਧ ਠੰਢੇ ਪਏ ਸੂਰਜ ਨੂੰ ਗਰਮੀ ਦੇਣ ਨਾਲ ਵੀ ਜੋੜ ਕੇ ਦੇਖਦੇ ਹਨ।

ਲੋਹੜੀ ਦੀ ਰਾਤ ਸਰੋਂ੍ਹ ਦਾ ਸਾਗ ਅਤੇ ਗੰਨੇ ਦੇ ਰਸ (ਰੌਅ) ਦੀ ਖੀਰ ਬਣਾ ਕੇ ਰੱਖੀ ਜਾਂਦੀ ਹੈ,ਕਈ ਲੋਕ ਖਿਚੜੀ ਵੀ ਬਣਾਉਂਦੇ ਹਨ ਜਿਸ ਨੂੰ ਲੋਕ ਅਗਲੇ ਦਿਨ ਮਾਘੀ ਦੀ ਸਵੇਰ ਨੂੰ ਖਾਂਦੇ ਹਨ,ਇਸ ਬਾਰੇ ਇਹ ਤੁਕ ਪ੍ਰਚਲਤ ਹੈ “ਪੋਹ ਰਿੱਧਾ ਮਾਘ ਖਾਧਾ’,ਭਾਵ ਪੋਹ ਦੇ ਮਹੀਨੇ ਵਿਚ ਪਕਾਇਆ ਹੋਇਆ ਮਾਘ ਦੇ ਮਹੀਨੇ ਵਿਚ ਖਾਧਾ ਜਾਂਦਾ ਹੈ।

ਲੋਹੜੀ ਦੀ ਰਾਤ ਨੂੰ ਵੈਸੇ ਤਾਂ ਹਰ ਘਰ ’ਚ ਪਾਥੀਆਂ ਬਾਲ ਕੇ, ਧੂਣੀ ਬਾਲ ਕੇ ਸ਼ਗਨ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਘਰਾਂ ਵਿਚ ਨਵੇਂ ਜੰਮੇ ਲੜਕੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਉਨ੍ਹਾਂ ਘਰਾਂ ਵਿਚ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ,ਉਸ ਦੇ ਆਲੇ-ਦੁਆਲੇ ਸੱਤ ਚੱਕਰ ਲਗਾਉਂਦੇ ਹੋਏ ਤਿਲ, ਖਿੱਲਾਂ ਅਤੇ ਚਿਰਵੜੇ ਪਾ ਕੇ ਗੀਤ ਗਾਉਂਦੇ ਹਨ :
“ਇੱਛਰ ਆ ਦਲਿੱਦਰ ਜਾ, 
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ’’

ਢੋਲ ਉੱਤੇ ਭੰਗੜੇ ਅਤੇ ਗਿੱਧੇ ਪਾਏ ਜਾਂਦੇ ਹਨ, ਜਸ਼ਨ ਮਨਾਏ ਜਾਂਦੇ ਹਨ,ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਨਵਾਂ ਸਾਲ ਚੜ੍ਹਦੇ ਹੀ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਉਂਦਾ ਹੈ। ਲੋਕਾਂ ’ਚ ਨਵਾਂ ਉਤਸ਼ਾਹ ਅਤੇ ਜੋਸ਼ ਪੈਦਾ ਕਰਦਾ ਹੈ,ਇਹ ਤਿਉਹਾਰ ਸਰਦੀ ਦੇ ਜਾਣ ਦਾ ਵੀ ਪ੍ਰਤੀਕ ਹੁੰਦਾ ਹੈ,ਅੱਜਕਲ ਲੋਕ ਧੀਆਂ ਅਤੇ ਪੁੱਤਰਾਂ ’ਚ ਕੋਈ ਫ਼ਰਕ ਨਹੀਂ ਸਮਝਦੇ,ਇਸ ਲਈ ਧੀਆਂ ਦੀਆਂ ਲੋਹੜੀਆਂ ਵੀ ਇਸੇ ਤਰ੍ਹਾਂ ਮਨਾਈਆਂ ਜਾਣ ਲੱਗ ਪਈਆਂ ਹਨ,ਕਈ ਲੋਕ ਪਤੰਗ ਚੜ੍ਹਾਉਣ ਦੀ ਪ੍ਰਥਾ ਨੂੰ ਵੀ ਲੋਹੜੀ ਨਾਲ ਜੋੜਦੇ ਹਨ ਪਰੰਤੂ ਇਹ ਪ੍ਰਥਾ ਬਸੰਤ ਦੇ ਤਿਉਹਾਰ ਨਾਲ ਸਬੰਧਤ ਹੈ।

ਲੋਹੜੀ ਤੋਂ ਦਸ ਕੁ ਦਿਨ ਪਹਿਲਾਂ ਛੋਟੇ ਛੋਟੇ ਬੱਚੇ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਜੁੜੇ ਗੀਤ ਗਾਉਂਦੇ ਹਨ ਜਿਵੇਂ :-
ਦੇਹ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਦੇਹ ਗੁੜ ਦੀ ਰੋੜੀ, ਤੇਰਾ ਮੁੰਡਾ ਚੜਿ੍ਹਆ ਘੋੜੀ
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਟੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਲੋਹੜੀ ਨਹੀਂ ਦਿੰਦਾ ਤਾਂ ਕਹਿੰਦੇ ਹਨ : 
‘ਹੁੱਕਾ ਬਈ ਹੁੱਕਾ ਇਹ ਘਰ ਭੁੱਖਾ’

ਪੰਜਾਬ ਦੀ ਲੋਕ ਧਾਰਾ ਦੇ ਅਜਿਹੇ ਨਾਇਕ, ਅਜਿਹੇ ਸੂਫ਼ੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ ਕਰਦੇ ਰਹੋ।ਦੁੱਲ੍ਹਾ ਆਪਣੇ ਆਪ ‘ਚ ਸਾਂਝੀਵਾਲਤਾ ਹੈ।ਲੋਹੜੀ ਦੇ ਤਿਉਹਾਰ ਨੂੰ ਇਸ ਬਹਾਨੇ ਵੀ ਮਨਾਇਓ ਅਤੇ ਵਿਤਕਰਿਆਂ ਤੋਂ ਉੱਪਰ ਉੱਠ ਪੰਜਾਬੀਅਤ ਨੂੰ ਮਹਿਸੂਸ ਕਰੋ।

ਦੁੱਲ੍ਹੇ ਦੇ ਪੁਰਖੇ ਰਾਜਪੂਤ ਹਿੰਦੂ ਸਨ।ਜਾਤ ਤੋਂ ਬਾਹਰੀ ਵਿਆਹ ਕਰਨ ਕਰਕੇ ਉਹਨਾਂ ਨੂੰ ਕੁਨਬੇ ‘ਚੋਂ ਛੇਕ ਦਿੱਤਾ।ਰਾਜਸਥਾਨ ਤੋਂ ਤੁਰਦੇ ਤਰਾਉਂਦੇ ਉਹਨਾਂ ਆਪਣਾ ਡੇਰਾ ਬਠਿੰਡਾ ਦੇ ਨੇੜੇ ਲਾਇਆ।ਕਹਿੰਦੇ ਨੇ ਕਿ ਦੁੱਲ੍ਹੇ ਦੀ ਗੋਤ ਭੱਟੀ ਤੋਂ ਹੀ ਸ਼ਾਬਦਿਕ ਸਫਰ ਹੁੰਦਾ ਹੁੰਦਾ ਬਠਿੰਡਾ ਬਣਿਆ ਹੈ।ਪਰ ਇੱਥੋਂ ਵੀ ਉਹਨਾਂ ਦਾ ਠਿਕਾਣਾ ਵਕਤੀ ਸੀ।ਅਖੀਰ ਉਹਨਾਂ ਚਨਾਬ-ਰਾਵੀ ਦੇ ਇਲਾਕੇ ‘ਚ ਬਾਰ ਦੇ ਇਲਾਕੇ ਨੂੰ ਆਬਾਦ ਕੀਤਾ।ਇਹ ਇਲਾਕਾ ਦੁੱਲ੍ਹੇ ਦੇ ਦਾਦਾ ਸਾਂਦਲ ਭੱਟੀ ਦੇ ਨਾਂ ਨਾਲ ਮਸ਼ਹੂਰ ਹੈ।

ਦੁਲ੍ਹੇ ਦੇ ਪੁਰਖਿਆਂ ਦੀ ਬਾਰ ਇਲਾਕੇ ਦੀ ਮੁਗਲੀਆ ਹਕੂਮਤ ਖਿਲਾਫ ਬਗਾਵਤ ਦਾ ਜ਼ਿਕਰ ਬਾਬਰ ਵੱਲੋਂ ਲਿਖੇ ਬਾਬਰਨਾਮਾ ‘ਚ ਵੀ ਮਿਲਦਾ ਹੈ।ਦਰਅਸਲ ਬਾਰ ਦਾ ਇਲਾਕੇ ਦਾ ਇਤਿਹਾਸ ਹੀ ਅਜਿਹਾ ਹੈ ਕਿ ਇਹ ਬਾਗੀ ਅਤੇ ਲੜਾਕੂ ਕੌਮਾਂ ਦਾ ਵਸੇਬਾ ਹੀ ਬਣਿਆ ਹੈ।ਰਾਅ ਸਿੱਖ ਜਾਂ ਰਾਏ ਸਿੱਖਾਂ ਬਾਰੇ ਜਿਵੇਂ ਕਿ ਜ਼ਿਕਰ ਇਹ ਵੀ ਹੈ ਕਿ ਬਾਰ ‘ਚ ਵੱਸਿਆ ਅਜਿਹਾ ਕਬੀਲਾ ਸੀ ਜੋ ਮੂਲੋਂ ਬਾਗੀ ਸੁਭਾਅ ਦੇ ਸਨ।ਮੁਗਲੀਆ ਸਲਤਨਤ ਨਾਲ ਇਹਨਾਂ ਦੇ ਵਿਰੋਧ ਸਨ ਜਿਸ ਕਾਰਨ ਇਹ ਗੁਰੀਲਾ ਢੰਗ ਨਾਲ ਉਹਨਾਂ ਨਾਲ ਆਢਾ ਲੈਂਦੇ ਰਹਿੰਦੇ ਸਨ।

ਇਹ ਵੀ ਦਿਲਚਸਪ ਹੈ ਕਿ ਕੁਝ ਕੌਮਾਂ ਦੇ ਖੁਨ ‘ਚ ਹੀ ਵੰਗਾਰ ਲਿਖੀ ਹੁੰਦੀ ਹੈ। ਇੱਕ ਪਾਸੇ ਇਹ ਰਾਅ ਸਿੱਖਾਂ ਦੀ ਜੜ੍ਹ ਰਾਜਪੂਤਾਂ ਨਾਲ ਜਾ ਜੁੜਦੀ ਹੈ।ਠੀਕ ਉਂਵੇ ਜਿਵੇਂ ਦੁੱਲਾ ਭੱਟੀ ਹੁਣਾਂ ਦੀ ਤੰਦ ਵੀ ਰਾਜਪੂਤਾਣਾ ਹੈ।ਰਾਅ ਸਿੱਖਾਂ ਦਾ ਸਬੰਧ ਚਿਤੌੜਗੜ੍ਹ ਦੀ ਰਾਣੀ ਪਦਮਾਵਤੀ ਦੇ ਭਰਾਵਾਂ ਨਾਲ ਹੈ।ਸਾਡੇ ਲੋਕ ਗੀਤਾਂ ‘ਚ ਇਹਨਾਂ ਭਰਾਵਾਂ ਦਾ ਜ਼ਿਕਰ ਆਮ ਹੈ।ਇਹਨਾਂ ਭਰਾਵਾਂ ਦਾ ਨਾਮ ਜੈਮਲ ਤੇ ਫੱਤਾ ਸੀ।ਰਾਅਵਾਂ ਦੇ ਬੁਜ਼ਰਗ ਕਹਿੰਦੇ ਹਨ ਕਿ ਅਸੀ ਜੈਮਲ ਫੱਤੇ ਦੀਆਂ ਔਲਾਦਾਂ ਰਾਜਪੂਤ ਸਾਂ ਅਤੇ ਫਿਰ ਸਿੱਖ ਧਰਮ ਦੇ ਪਸਾਰੇ ‘ਚ ਸਾਡੇ ਪੁਰਖੇ ਗੁਰੁ ਸਾਹਬ ਹੁਣਾਂ ਦੇ ਪ੍ਰਭਾਵ ‘ਚ ਆਏ।

ਇਹ ਕਿਹੜੇ ਗੁਰੁ ਸਾਹਬ ਦੀ ਸੰਗਤ ‘ਚ ਆਏ ਹਨ ਇਹਦਾ ਕੋਈ ਸੱਪਸ਼ਟ ਪ੍ਰਮਾਣ ਨਹੀਂ ਹੈ।ਪਰ ਇਹ ਕਹਾਣੀ ਲੋਕ ਧਾਰਾਈ ਪ੍ਰਵਾਹ ‘ਚ ਹੈ ਕਿ ਪੁੱਛਿਆ ਕਿ ਰਾਜਪੂਤ ਕੀ ਹੋਇਆ ? ਰਾਜਿਆਂ ਦੇ ਪੁੱਤ ! ਤੁਸੀ ਤਾਂ ਰਾਜ ਕਰਨ ਵਾਲੇ ਸਿੱਖ ਹੋ।ਸੋ ਇੰਝ ਰਾਜ+ਪੂਤ ਤੋਂ ਰਾਜ + ਸਿੱਖ ਹੋ ਗਏ ਅਤੇ ਰਾਜ ਸਿੱਖ ਤੋਂ ਸ਼ਾਬਦਿਕ ਸਫਰ ਰਾਏ ਸਿੱਖ ਜਾ ਰਾਅ ਸਿੱਖਾਂ ਤੱਕ ਹੋ ਗਿਆ।

ਦੁੱਲ੍ਹੇ ਭੱਟੀ ਦੀ ਮਾਂ ਅਤੇ ਅਕਬਰ ਦੇ ਮੁੰਡੇ ਨੂੰ ਲੈਕੇ ਵੀ ਇੱਕ ਕਹਾਣੀ ਹੈ।ਕਹਿੰਦੇ ਹਨ ਕਿ ਦੁੱਲ੍ਹਾ ਅਤੇ ਸਲੀਮ ਹਾਣੋ ਹਾਣੀ ਸਨ।ਸਲੀਮ ਦੀ ਬਾਲ ਅਵਸਥਾ ‘ਚ ਵੈਦ ਦੀ ਸਲਾਹ ਨਾਲ ਉਹਨੂੰ ਕਿਸੇ ਹੋਰ ਔਰਤ ਦਾ ਦੁੱਧ ਪਿਆਇਆ ਗਿਆ।ਉਹ ਔਰਤ ਦੁੱਲ੍ਹੇ ਦੀ ਮਾਂ ਲੱਧੀ ਸੀ।ਜਿੰਨ੍ਹੇ ਇੱਕੋ ਸਮੇਂ ਦੁੱਲ੍ਹੇ ਨੂੰ ਅਤੇ ਸਲੀਮ ਨੂੰ ਦੁੱਧ ਪਿਆਇਆ।ਪਰ ਆਪਣੇ ਲੰਮੇ ਸਾਲਾਂ ਦੀ ਇਤਿਹਾਸਕ ਖ਼ੋਜ ਤੋਂ ਬਾਅਦ ਸਾਜ਼ੀ ਜ਼ਮਾਂ ਨੇ ਨਾਵਲ ‘ਅਕਬਰ’ ਜੋ ਲਿਖਿਆ ਹੈ ਉਸ ‘ਚ ਇਸਦਾ ਹਵਾਲਾ ਨਹੀਂ ਹੈ।

ਸਾਜ਼ੀ ਜ਼ਮਾਂ ਦੇ ਨਾਵਲ ਨੂੰ ਪੜ੍ਹਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਜ਼ੀ ਜ਼ਮਾਂ ਦਾ ਅਕਬਰ ਗੰਗਾ ਜਮੁਨਾ ਤਹਿਜ਼ੀਬ ਦਾ ਨਾਇਕ ਹੈ।ਅਕਬਰ ਨੂੰ ਸਭ ਮਹਾਨ ਬਾਦਸ਼ਾਹ ਕਹਿੰਦੇ ਹਨ।ਯਕੀਨਨ ਉਹ ਹੈ ਵੀ ਸੀ।ਪਰ ਜਦੋਂ ਪੰਜਾਬੀਆਂ ਲਈ ਦੁੱਲ੍ਹੇ ਦੀ ਗੱਲ ਤੁਰਦੀ ਹੈ ਤਾਂ ਪੰਜ ਦਰਿਆਵਾਂ ਦੀ ਧਰਤੀ ਦਾ ਨਾਇਕ ਅਬਦੁੱਲਾ ਭੱਟੀ ਉਰਫ ਦੁੱਲ੍ਹਾ ਭੱਟੀ ਹੈ ਅਤੇ ਅਕਬਰ ਇੱਕ ਤਾਨਾਸ਼ਾਹ ਬਾਦਸ਼ਾਹ ਹੈ ਜਿੰਨ੍ਹੇ ਦੁੱਲ੍ਹੇ ਨੂੰ ਸ਼ਹੀਦ ਕੀਤਾ।

ਲੋਹੜੀ ਦੇ ਮੌਕੇ ਦੁੱਲ੍ਹੇ ਨੂੰ ਲੈਕੇ ਇਹਨਾਂ ਸਾਰੇ ਨਜ਼ਰੀਏ ਦਾ ਵਿਸਥਾਰ ਅਤੇ ਖ਼ੋਜ ਵੀ ਹੋਣੀ ਚਾਹੀਦੀ ਹੈ।ਇਹ ਕੋਈ ਆਖਰੀ ਗੱਲ ਨਹੀਂ ਹੈ।ਬੱਸ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਜੇ ਸੂਫੀਆਂ ਦਾ ਅਤੇ ਬਾਗੀਆਂ ਦਾ,ਸਾਡੇ ਲੋਕ ਨਾਇਕਾਂ ਦਾ ਰਿਸ਼ਤਾ ਅਜਿਹਾ ਹੈ ਤਾਂ ਇਸ ਰਿਸ਼ਤੇ ਦੇ ਤਿਉਹਾਰ ਲੋਹੜੀ ਨੂੰ ਕੋਟਿਨ ਕੋਟਿ ਸਿਜਦਾ ਕਰਨ ਨੂੰ ਮੰਨ ਕਹਿੰਦਾ ਹੈ।

ਫਿਰ ਸੁੰਦਰ ਮੁੰਦਰੀਏ ਸਿਰਫ ਗੀਤ ਨਹੀਂ ਰਹਿ ਜਾਂਦਾ।ਇਹ ਪੰਜਾਬ ਦਾ ਮਹਾਨ ਸੂਫੀ ਕਲਾਮ ਹੋ ਜਾਂਦਾ ਹੈ।ਇਸ ਗੀਤ ਦੇ ਬਹੁਤ ਭੇਦ ਹਨ।ਇਸ ਗੀਤ ਨੂੰ ਗਾਉਂਦੇ ਹੋਏ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ ਹੈ ਅਤੇ ਦੁੱਲ੍ਹੇ ਦੇ ਮਾਰਫਤ ਸਾਂਝੀਵਾਲਤਾ ਅਤੇ ਦੂਜਿਆਂ ਲਈ ਜਿਊਣ ਦਾ ਜਜ਼ਬਾ ਮਹਿਸੂਸ ਕਰਨ ਦਾ ਅਹਿਦ ਵੀ ਹੈ।ਰਾਬਿਨ ਹੁੱਡ ਆਫ ਪੰਜਾਬ ਦੁੱਲ੍ਹੇ ਨੂੰ ਵੇਖਦਿਆਂ ਉਹ ਰਾਜਪੂਤ ਹਿੰਦੂ ਵੀ ਹੈ,ਉਸ ‘ਚ ਇਸਲਾਮ ਵੀ ਹੈ ਅਤੇ ਪੰਜਾਬ ਦਾ ਪੁੱਤ ਪੰਜਾਬੀਅਤ ਨਾਲ ਤਾਂ ਸਰਸ਼ਾਰ ਹੈ ਹੀ-ਇਸ ਉਮੀਦ ਨਾਲ ਤੁਹਾਡੇ ਵਿਹੜੇ ‘ਚ ਇਹ ਗੀਤ ਸਦਾ ਸਦਾ ਸਲਾਮਤ ਰਹੇ।

ਸੁੰਦਰ ਮੁੰਦਰੀਏ ਹੋ !
ਤੇਰਾ ਕੌਣ ਵਿਚਾਰਾ ਹੋ !
ਦੁੱਲ੍ਹਾ ਭੱਟੀ ਵਾਲਾ ਹੋ !
ਦੁੱਲ੍ਹੇ ਧੀ ਵਿਆਹੀ ਹੋ !

LEAVE A REPLY

Please enter your comment!
Please enter your name here