
ਕੇਂਦਰ ਸਰਕਾਰ ਵੱਲੋਂ ਮਗਨਰੇਗਾ ਬਜ਼ਟ ’ਚ ਕਟੌਤੀ ਦੀ ਮਗਨਰੇਗਾ ਵਰਕਰਜ਼ ਯੂਨੀਅਨ ਨੇ ਕੀਤੀ ਨਿਖੇਧੀ
16 ਤਾਰੀਕ ਨੂੰ ਬੀਡੀਪੀਓ ਦਫ਼ਤਰ ਹਾਜੀਪੁਰ ’ਚ ਕੇਂਦਰੀ ਬਜ਼ਟ ਦੀਆਂ ਫੂਕੀਆਂ ਜਾਣਗੀਆਂ ਕਾਪੀਆਂ
ਦਸੂਹਾ/ਹਾਜੀਪੁਰ (ਹਰਭਜਨ ਸਿੰਘ ਢਿੱਲੋਂ), (Sada Channel News):- 10 ਫਰਵਰੀ ਬੀਤੇ ਦਿਨੀਂ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਕੇਂਦਰੀ ਬਜ਼ਟ ’ਚ ਮਗਨਰੇਗਾ ਫੰਡਾਂ ’ਚ ਕੀਤੀ ਕਟੌਤੀ ਦੀ ਮਗਨਰੇਗਾ ਵਰਕਰਜ਼ ਯੂਨੀਅਨ ਨੇ ਕਰਡ਼ੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਅੱਜ ਹਾਜੀਪੁਰ ’ਚ ਮਗਨਰੇਗਾ ਵਰਕਰਜ਼ ਦੀ ਹੋਈ ਮੀਟਿੰਗ ’ਚ ਬੋਲਦਿਆਂ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਕੇਂਦਰੀ ਬਜ਼ਟ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੱਤਾ ਹੈ। ਮਗਨਰੇਗਾ ਕਾਮਿਆਂ ਨੇ 16 ਤਾਰੀਕ ਨੂੰ ਬੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਬਜ਼ਟ ਦੀਆਂ ਕਾਪੀਆਂ ਫ਼ੂਕ ਕੇ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਵਰ੍ਹੇ ਮਗਨਰੇਗਾ ਲਈ 60 ਹਜ਼ਾਰ ਕਰੋਡ਼ ਰੁਪਏ ਰੱਖੇ ਹਨ, ਜਦਕਿ ਬੀਤੇ ਸਾਲ ਇਹ ਰਾਸ਼ੀ 89 ਹਜ਼ਾਰ ਕਰੋਡ਼ ਰੁਪਏ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮਗਨਰੇਗਾ ਦੇ ਫੰਡਾਂ ’ਚ 30 ਫੀਸਦੀ ਕਟੌਤੀ ਕਰਕੇ ਪੇਂਡੂ ਮਜ਼ਦੂਰਾਂ ਦੇ ਰੁਜ਼ਗਾਰ ’ਚ ਲੱਤ ਮਾਰੀ ਹੈ। ਇਸ ਮੌਕੇ ਬੋਲਦਿਆਂ ਮਗਨਰੇਗਾ ਵਰਕਰਜ਼ ਯੂਨੀਅਨ ਇਕਾਈ ਹਾਜੀਪੁਰ ਦੀ ਉਪ ਪ੍ਰਧਾਨ ਪਰਮਜੀਤ ਕੌਰ ਆਸਿਫ਼ਪੁਰ ਨੇ ਕਿਹਾ ਕਿ ਜਥੇਬੰਦੀ ਲੰਮੇ ਸਮੇਂ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਨੇ ਪੇਂਡੂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਦੀ ਬਜਾਇ ਬਜ਼ਟ ’ਚ ਕਟੌਤੀ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਰਕਾਰ ਵੱਲੋਂ ਮਗਨਰੇਗਾ ਕਾਮਿਆਂ ਦੀ ਸ਼ੁਰੂ ਕੀਤੀ ਆਨਲਾਈਨ ਹਾਜ਼ਰੀ ਨੇ ਪੇਂਡੂ ਮਜ਼ਦੂਰਾਂ ਦੀਆਂ ਦੁਸ਼ਵਾਰੀਆਂ ’ਚ ਵਾਧਾ ਕੀਤਾ ਹੈ। ਮਸਟਰ ਰੋਲ ਜ਼ਮ੍ਹਾਂ ਹੋਣ ਦੇ ਬਾਵਜੂਦ ਅਦਾਇਗੀ ਨਹੀਂ ਹੋ ਰਹੀਆਂ। ਜਿਸ ਦੇ ਵਿਰੋਧ ’ਚ ਵੀਰਵਾਰ ਨੂੰ ਬੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਵੱਡੀ ਗਿਣਤੀ ਮਗਨਰੇਗਾ ਵਰਕਰਾਂ ਵੱਲੋਂ ਕੇਂਦਰੀ ਬਜ਼ਟ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਨਜੀਤ ਕੌਰ ਢਈਸ਼ਾ, ਸੁਰਜੀਤ ਕੌਰ ਮਰੂਲ਼ੇ ਆਦਿ ਨੇ ਵੀ ਸੰਬੋਧਨ ਕੀਤਾ।
