
Winnipeg,(Sada Channel News):- Vaisakhi 2023: ਖਾਲਸਾ ਸਾਜਨਾ ਦਿਵਸ (Khalsa Sajna Day) ਤੇ ਵਿਸਾਖੀ ਤੋਂ ਪਹਿਲਾਂ ਕੈਨੇਡਾ ਖਾਲਸਾਈ ਰੰਗ ਵਿੱਚ ਰੰਗਿਆ ਗਿਆ ਹੈ,ਕੈਨੇਡਾ ਵਿੱਚ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ,ਕੈਨੇਡਾ ਸਰਕਾਰ ਵੱਲੋਂ 10 ਸਾਲ ਪਹਿਲਾਂ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦੀ ਮਾਨਤਾ ਦਿੱਤੀ ਗਈ ਸੀ,ਇਸ ਲਈ ਸਿੱਖ ਪੂਰਾ ਅਪਰੈਲ ਮਹੀਨਾ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਹਨ,ਕੈਨੇਡਾ ਵਿੱਚ ‘ਸਿੱਖ ਵਿਰਾਸਤੀ ਮਹੀਨੇ’ ਦੇ ਜਸ਼ਨ ਸ਼ੁਰੂ ਹੋ ਗਏ ਹਨ,ਵੈਨਕੂਵਰ (ਰੌਸ ਸਟਰੀਟ) ਤੇ ਸਰੀ (ਦਸਮੇਸ਼ ਦਰਬਾਰ) ਗੁਰਦੁਆਰਾ ਪ੍ਰਬੰਧਕ ਕਮੇਟੀਆਂ (Gurdwara Management Committees) ਵਲੋਂ 15 ਤੇ 22 ਅਪਰੈਲ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ,ਇਸੇ ਤਰ੍ਹਾਂ ਦੀਆਂ ਰਿਪੋਰਟਾਂ ਹੋਰ ਸੂਬਿਆਂ ਤੋਂ ਵੀ ਆ ਰਹੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਦੇਸ਼ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਹਿੱਲ ’ਤੇ ਸਿੱਖ ਸੰਗਤ ਵੱਲੋਂ ਖਾਲਸਈ ਨਿਸ਼ਾਨ ਸਾਹਿਬ (Khalsai Nishan Sahib) ਝੁਲਾਇਆ ਗਿਆ,ਜੋ ਪੂਰਾ ਮਹੀਨਾ ਝੂਲਦਾ ਰਹੇਗਾ,ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਵੀ ਜਸ਼ਨ ਮਨਾਏ ਜਾ ਰਹੇ ਹਨ,ਸਰੀ ਦੇ ਮਿਉਂਸਿਪੈਲਿਟੀ ਦਫਤਰ ਵਿਚ ਕਈ ਦਿਨਾਂ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਲਗਾਈ ਗਈ ਹੈ,ਟੋਰਾਂਟੋ,ਐਡਮੰਟਨ,ਵਿਨੀਪੈੱਗ,ਕੈਲਗਰੀ, ਰਿਜਾਈਨਾ,ਮੌਂਟਰੀਅਲ ਤੇ ਹੋਰ ਥਾਵਾਂ ਤੋਂ ਵਿਰਾਸਤੀ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ ਹੋਣ ਦੀਆਂ ਸੂਚਨਾਵਾਂ ਹਨ।
ਹਰ ਸਾਲ ਵਾਂਗ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਧਾਈ ਸੰਦੇਸ਼ ਵਿਸਾਖੀ ਮੌਕੇ ਆਉਣ ਦੀ ਸੰਭਾਵਨਾ ਹੈ,ਕੈਨੇਡਾ ਦੇ ਬਹੁ-ਸਭਿਆਚਾਰ ਤੇ ਹਾਊਸਿੰਗ ਮੰਤਰੀ ਅਹਿਮਦ ਡੀ. ਹੁਸੈਨ (Multiculture And Housing Minister Ahmed D. Hussain) ਨੇ ਦੇਸ਼ ਵਿਚ ਰਹਿੰਦੇ ਕਰੀਬ 5 ਲੱਖ ਸਿੱਖਾਂ ਵੱਲੋਂ ਮੁਲਕ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ,ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਵੀ ਵਧਾਈ ਸੰਦੇਸ਼ ਭੇਜੇ ਗਏ ਹਨ,ਕੈਨੇਡੀਅਨ ਫੌਜ ਦੇ ਕੈਪਟਨ ਚਰਨਕਮਲ ਸਿੰਘ ਦੁੱਲਟ ਵਲੋਂ ਫੌਜੀ ਮਿਊਜ਼ੀਅਮ ਵਿਚ ਸਿੱਖ ਵਿਰਾਸਤ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ,ਜਿਸ ’ਚ ਅਲਬਰਟਾ ਤੋਂ ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਵੀ ਸ਼ਾਮਲ ਹੋਏ।
