
ਸ੍ਰੀ ਅਨੰਦਪੁਰ ਸਾਹਿਬ 20 ਅਕਤੂਬਰ,(SADA CHANNEL NEWS):- ਮੁੱਖ-ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਮਨਜੂਰਸ਼ੁਦਾ ਲੋਡ ਤਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ 29 ਸਤੰਬਰ, 2021 ਨੂੰ ਬਕਾਇਆ ਖੜੇ ਬਿਜਲੀ ਦੇ ਬਿਲਾਂ ਨੂੰ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਸਬੰਧੀ ਸਪੀਕਰ, ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੀ.ਐਸ.ਪੀ.ਸੀ.ਐਲ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਪੀ.ਐਸ.ਪੀ.ਸੀ.ਐਲ ਉਪ-ਮੰਡਲ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਉਪ-ਮੰਡਲ ਦਫ਼ਤਰ ਅਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਵਾਰਡਾਂ ਵਿੱਚ ਕੈਂਪ ਲਗਾ ਕੇ ਯੋਗ ਖ਼ਪਤਕਾਰਾਂ ਦੇ ਬਿੱਲ ਮੁਆਫ਼ੀ ਫ਼ਾਰਮ ਭਰੇ ਜਾਣਗੇ,ਇਹ ਜਾਣਕਾਰੀ ਉਪ-ਮੰਡਲ ਅਫ਼ਸਰ,ਪੀ.ਐਸ.ਪੀ.ਸੀ.ਐਲ ਸ਼੍ਰੀ ਅਨੰਦਪੁਰ ਸਾਹਿਬ ਇੰਜ:ਰਾਜੇਸ਼ ਸ਼ਰਮਾ ਵੱਲੋਂ ਦਿੱਤੀ ਗਈ।
ਉਹਨਾਂ ਨੇ ਦੱਸਿਆ ਕਿ 2 ਕਿਲੋਵਾਟ ਮਨਜੂਰਸ਼ੁਦਾ ਲੋਡ ਤਕ ਦੇ ਘਰੇਲੂ ਖਪਤਕਾਰ ਜਿਹਨਾਂ ਦੇ 29 ਸਤੰਬਰ, 2021 ਨੂੰ ਬਿਜਲੀ ਬਿਲਾਂ ਦੇ ਪਿਛਲੇ ਬਕਾਏ ਖੜੇ ਹਨ ਜਾਂ ਜਿਹਨਾਂ ਦੇ ਕੁਨੈਕਸ਼ਨ ਬਿੱਲ ਨਾ ਭਰਨ ਕਰਕੇ ਕੱਟੇ ਗਏ ਹਨ, ਉਹ ਇਸ ਸਬੰਧੀ ਕੋਈ ਵੀ ਜਾਣਕਾਰੀ ਉਪ-ਮੰਡਲ ਦਫ਼ਤਰ ਜਾਂ ਆਪਣੇ ਏਰੀਏ ਦੇ ਸਬੰਧਤ ਜੇ.ਈ. ਤੋਂ ਹਾਸਿਲ ਕਰ ਸਕਦੇ ਹਨ।ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੀ.ਐਸ.ਪੀ.ਸੀ.ਐਲ.ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ।
