ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਲਈ ਮੁਫ਼ਤ ਅਧਿਕਾਰ ਮਿਲਣੇ ਚਾਹੀਦੇ ਨੇ-ਮੁੱਖ ਮੰਤਰੀ ਭਗਵੰਤ ਮਾਨ

0
83
ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਲਈ ਮੁਫ਼ਤ ਅਧਿਕਾਰ ਮਿਲਣੇ ਚਾਹੀਦੇ ਨੇ-ਮੁੱਖ ਮੰਤਰੀ ਭਗਵੰਤ ਮਾਨ

SADA CHANNEL NEWS:-

CHANDIGARH,(SADA CHANNEL NEWS):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਅੰਮ੍ਰਿਤਸਰ (Sachkhand Sri Harmandir Sahib,Amritsar) ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਸਿਰਫ ਇਕ ਚੈਨਲ ਨੂੰ ਦਿੱਤੇ ਜਾਣ ਦੇ ਤਰਕ ‘ਤੇ ਸਵਾਲ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਤਿ-ਆਧੁਨਿਕ ਤਕਨਾਲੋਜੀ ਵਾਲੇ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ ਤਾਂ ਜੋ ਗੁਰਬਾਣੀ ਦਾ ਸਾਰੇ ਚੈਨਲਾਂ ‘ਤੇ ਮੁਫਤ ਪ੍ਰਸਾਰਣ ਕੀਤਾ ਜਾ ਸਕੇ।

ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ‘ਸਰਬ ਸਾਂਝੀ ਗੁਰਬਾਣੀ’ ਦਾ ਪ੍ਰਚਾਰ ਤੇ ਪਸਾਰ ਵਿਸ਼ਵ ਭਰ ਵਿੱਚ ਕਰਨਾ ਸਮੇਂ ਦੀ ਮੁੱਖ ਲੋੜ ਹੈ,ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ (Gurbani) ਦੇ ਪ੍ਰਸਾਰਣ ਲਈ ਸਿਰਫ਼ ਇਕ ਚੈਨਲ ਨੂੰ ਹੀ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ,ਭਗਵੰਤ ਮਾਨ ਨੇ ਕਿਹਾ ਕਿ ਇਹ ਅਧਿਕਾਰ ਕਿਸੇ ਇਕ ਚੈਨਲ ਤੱਕ ਸੀਮਤ ਕਰਨ ਦੀ ਬਜਾਏ ਸਾਰੇ ਚੈਨਲਾਂ ਨੂੰ ਮੁਫਤ ਵਿੱਚ ਦਿੱਤੇ ਜਾਣੇ ਚਾਹੀਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਉਪਰਾਲਾ ਦੇਸ਼-ਵਿਦੇਸ਼ ਵਿੱਚ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਅਨੰਦਮਈ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਮੌਕਾ ਪ੍ਰਦਾਨ ਕਰੇਗਾ,ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਆਪਣੇ ਟੀ.ਵੀ. ਸੈੱਟ (TV Set) ਜਾਂ ਹੋਰ ਉਪਕਰਨਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦੇ ਦਰਸ਼ਨ-ਦੀਦਾਰ ਵੀ ਕਰ ਸਕਣਗੇ,ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਚੈਨਲਾਂ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਲਈ ਹਾਈਟੈਕ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਜ਼ਰੂਰਤ ਹੈ,ਉਨ੍ਹਾਂ ਕਿਹਾ ਕਿ ਗੁਰਬਾਣੀ (Gurbani) ਦੀ ਪਹੁੰਚ ਨੂੰ ਇਕ ਮਾਧਿਅਮ ਤੱਕ ਸੀਮਤ ਕਰਨ ਦੀ ਬਜਾਏ ਹਰ ਚੈਨਲ ਨੂੰ ਮੁਫਤ ਪ੍ਰਸਾਰਣ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ,ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧ ਵਿੱਚ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਗੁਰਬਾਣੀ ਕੀਰਤਨ ਨੂੰ ਪ੍ਰਸਾਰਿਤ ਕਰਨ ਲਈ ਆਧੁਨਿਕ ਕੈਮਰੇ ਅਤੇ ਪ੍ਰਸਾਰਣ ਦੇ ਲੋੜੀਂਦੇ ਉਪਕਰਨਾਂ ਸਮੇਤ ਨਵੀਨਤਮ ਬੁਨਿਆਦੀ ਢਾਂਚਾ ਤੇ ਤਕਨਾਲੋਜੀ ਮੁਹੱਈਆ ਕਰਵਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ।

LEAVE A REPLY

Please enter your comment!
Please enter your name here