
Amritsar, 29 October 2023,(Sada Channel News):- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ (Fourth Patshah Shri Guru Ramdas Ji) ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਦੌਰਾਨ ਬੀਤੇ ਕੱਲ੍ਹ ਤੋਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir Sahib Ji) ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ,ਪ੍ਰਕਾਸ਼ ਗੁਰਪੁਰਬ ਭਲਕੇ 30 ਅਕਤੂਬਰ ਨੂੰ ਮਨਾਇਆ ਜਾਣਾ ਹੈ,ਇਸ ਮੌਕੇ ‘ਤੇ ਇੱਥੇ ਸ੍ਰੀ ਦਰਬਾਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ,ਜਿਸ ਮਗਰੋਂ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਗੁਰੂ ਜਸ ਗਾਇਨ ਕਰਨਗੇ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਾਸ਼ ਗੁਰਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਚੌਥੇ ਪਾਤਸ਼ਾਹ ਜੀ ਦਾ ਜੀਵਨ ਮਨੁੱਖਤਾ ਨੂੰ ਧਾਰਮਿਕ ਅਗਵਾਈ ਦੇਣ ਵਾਲਾ ਹੈ,ਉਨ੍ਹਾ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚੋਂ ਨਿਮਰਤਾ,ਸੇਵਾ,ਸਿਮਰਨ, ਹਲੀਮੀ,ਸਹਿਜ ਆਦਿ ਦੇ ਗੁਣ ਪ੍ਰਗਟ ਹੁੰਦੇ ਹਨ,ਜੋ ਮਨੁੱਖੀ ਜੀਵਨ ਨੂੰ ਸੁਖਾਵਾਂ ਅਤੇ ਮੁਕੰਮਲ ਬਣਾਉਣ ਵਿਚ ਵੱਡਾ ਮਹੱਤਵ ਰੱਖਦੇ ਹਨ,ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਭ ਦਾ ਫ਼ਰਜ਼ ਹੈ ਕਿ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਬਤੀਤ ਕਰੀਏ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਅੱਜ ਦੇ ਪਦਾਰਥਵਾਦੀ ਯੁੱਗ ਅੰਦਰ ਗੁਰੂ ਸਾਹਿਬਾਨ ਦੀ ਮੁੱਲਵਾਨ ਵਿਚਾਰਧਾਰਾ ਮਨੁੱਖਤਾ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।
