
Sri Anandpur Sahib,(Sada Channel News):- ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੀ ਦੇਰ ਰਾਤ ਹੁੱਲੜਬਾਜ਼ਾਂ ਦੀ ਭੀੜ ਵਲੋਂ ਇਕ ਕੈਨੇਡੀਅਨ ਨਾਗਰਿਕ ਪ੍ਰਦੀਪ ਸਿੰਘ ਪ੍ਰਿੰਸ ਨਿਹੰਗ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਹੋਇਆ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਜੀਕੋਟ ਦਾ ਮੂਲ ਵਸਨੀਕ ਸੀ, ਜੋ ਕੈਨੇਡਾ ਦਾ ਪੀ.ਆਰ. ਸੀ। ਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਇਹ ਘਟਨਾ ਬੀਤੀ ਦੇਰ ਰਾਤ ਤਕਰੀਬਨ 10.30 ਵਜੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਜਾਂਦੀ ਸੜਕ ‘ਤੇ ਪਿੰਡ ਬੱਢਲ ਕੋਲ ਬਣੇ ਸਵਾਗਤੀ ਗੇਟ ਦੇ ਸਾਹਮਣੇ ਵਾਪਰੀ। ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਇਸੇ ਗੇਟ ਕੋਲ ਹੀ ਮੋਟਰਸਾਈਕਲਾਂ ਦੇ ਸਾਇਲੰਸਰ ਲਾਹ ਕੇ ਪਟਾਕੇ ਮਾਰਨ ਵਾਲੇ ਹੁੱਲੜਬਾਜ਼ਾਂ ਨੂੰ ਕੁਝ ਨਿਹੰਗ ਸਿੰਘਾਂ ਵਲੋਂ ਰੋਕਣ ਦੀ ਇਕ ਵੀਡੀਓ ਵਾਇਰਲ ਹੋਈ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਸਿਮਰਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਜਲਦ ਕਾਤਲਾਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
